ਜੰਗਲਾਤ ਵਿਭਾਗ ਵੱਲੋਂ ਸੁਖਨਾ ਝੀਲ ਦੇ ਏਕੀਕ੍ਰਿਤ ਪ੍ਰਬੰਧਨ ਲਈ ਯੋਜਨਾ ਤਿਆਰ
ਯੂਟੀ ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਨੇ ਸੁਖਨਾ ਝੀਲ ਦੀ ਸੰਭਾਲ ਲਈ ਅਗਲੇ 5 ਸਾਲਾਂ ਵਾਸਤੇ ਏਕੀਕ੍ਰਿਤ ਪ੍ਰਬੰਧਨ ਯੋਜਨਾ ਤਿਆਰ ਕੀਤੀ ਹੈ, ਜਿਸ ਵਿੱਚ ਸੁਖਨਾ ਝੀਲ ਨੂੰ ਸਾਫ਼-ਸੁਥਰਾ ਰੱਖਣ ਅਤੇ ਪਾਣੀ ਦੀ ਸੰਭਾਲ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਹ ਰਿਪੋਰਟ ਵਰਲਡ ਵਾਈਡ ਫੰਡ (ਡਬਲਿਊ ਡਬਲਿਊ ਐੱਫ) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ। ਯੂਟੀ ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਵੱਲੋਂ ਜਲਦ ਹੀ ਇਹ ਯੋਜਨਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਵਾਲੀ ਸੁਖਨਾ ਵੈੱਟਲੈਂਡ ਅਥਾਰਟੀ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਇਸ ਅਥਾਰਟੀ ਦਾ ਗਠਨ ਦਸੰਬਰ 2017 ਵਿੱਚ ਝੀਲ ਦੇ ਵਿਕਾਸ ਲਈ ਕੀਤਾ ਗਿਆ ਸੀ। ਇਸ ਦੀ ਜ਼ਿੰਮੇਵਾਰੀ ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਭੂਮੀਗਤ ਪਾਣੀ ਰੀਚਾਰਜ ਕਰਨਾ, ਵਾਤਾਵਰਣ ਨੂੰ ਮਜ਼ਬੂਤ ਕਰਨ ਅਤੇ ਸੈਨੀਟੇਸ਼ਨ, ਮਨੁੱਖੀ ਉਲੰਘਣਾ ਅਤੇ ਪ੍ਰਦੂਸ਼ਣ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੀ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜ ਸਾਲਾ ਯੋਜਨਾ ਵਿੱਚ ਝੀਲ ਦੇ ਅਸਲ ਰੂਪ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਝੀਲ ਦੀ ਸੰਭਾਲ ਲਈ ਕਾਰਜ ਕੀਤੇ ਜਾਣਗੇ। ਇਸ ਵਿੱਚ ਪਾਣੀ ਦਾ ਪੱਧਰ ਬਣਾਈ ਰੱਖਣ, ਜਲ-ਜੀਵਨ ਨੂੰ ਸੁਰੱਖਿਅਤ ਰੱਖਣ ਅਤੇ ਝੀਲ ਦੇ ਆਲੇ ਦੁਆਲੇ ਦੇ ਖੇਤਰ ਨੂੰ ਸਾਫ਼ ਰੱਖਣਾ ਸ਼ਾਮਲ ਹੈ। ਇਸ ਯੋਜਨਾ ਵਿੱਚ ਝੀਲ ਦੇ ਵਾਤਾਵਰਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ।