DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹਾਂ ਦਾ ਖਤਰਾ: ਪ੍ਰਸ਼ਾਸਨ ਵੱਲੋਂ ਪਿੰਡ ਬੇਲਾ ਧਿਆਨੀ ਦਾ ਜਾਇਜ਼ਾ

ਡੀਐਸਪੀ ਨੰਗਲ ਨੇ ਟਰੈਕਟਰ ’ਤੇ ਐੱਸਡੀਐੱਮ ਨੂੰ ਬਿਠਾ ਕੇ ਲਵਾਇਆ ਗੇੜਾ, ਕੰਟਰੋਲ ਰੂਮ ਸਥਾਪਤ
  • fb
  • twitter
  • whatsapp
  • whatsapp
featured-img featured-img
ਐੱਸਡੀਐੱਮ ਨੂੰ ਪ੍ਰਭਾਵਿਤ ਪਿੰਡ ਦਾ ਦੌਰਾ ਕਰਵਾਉਂਦੇ ਹੋਏ ਡੀਐੱਸਪੀ ਕੁਲਵੀਰ ਸਿੰਘ।
Advertisement

ਐੱਸਡੀਐੱਮ ਨੰਗਲ ਸਚਿਨ ਪਾਠਕ ਅਤੇ ਡੀਐੱਸਪੀ ਨੰਗਲ ਕੁਲਵੀਰ ਸਿੰਘ ਨੇ ਹੜ੍ਹ ਨਾਲ ਪ੍ਰਭਾਵਿਤ ਪਿੰਡ ਬੇਲਾ ਧਿਆਨੀ ਦਾ ਦੌਰਾ ਕੀਤਾ। ਉਨ੍ਹਾਂ ਖੁਦ ਟਰੈਕਟਰ ਚਲਾ ਕੇ ਪਾਣੀ ਨਾਲ ਘਿਰੇ ਇਲਾਕੇ ਦਾ ਨਿਰੀਖਣ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੀ ਭਾਰੀ ਬਰਸਾਤ ਅਤੇ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਵਾਧੂ ਮਾਤਰਾ ਵਿਚ ਪਾਣੀ ਆਉਣ ਕਾਰਨ ਲੋਕਾਂ ਵਿੱਚ ਕਈ ਵਾਰ ਜਾਣਕਾਰੀ ਦੀ ਘਾਟ ਕਾਰਨ ਬੇਚੈਨੀ ਦਾ ਆਲਮ ਹੋ ਜਾਦਾ ਹੈ, ਪਰ ਪ੍ਰਸ਼ਾਸਨ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਭਾਖੜਾ ਡੈਮ ਪਾਣੀ ਦਾ ਪੱਧਰ ਹਾਲੇ ਖਤਰੇ ਦੇ ਨਿਸ਼ਾਨ ਤੋਂ ਹੇਠਾ ਹੈ ਅਤੇ ਪਹਾੜਾਂ ਤੋਂ ਬਰਸਾਤਾਂ ਦੇ ਪਾਣੀ ਦੀ ਆਮਦ ਵੀ ਘੱਟ ਰਹੀ ਹੈ, ਇਸ ਲਈ ਲੋਕ ਅਫਵਾਹਾਂ ’ਤੇ ਭਰੋਸਾ ਨਾ ਕਰਨ ਸਗੋਂ ਸਹੀ ਅਤੇ ਸਟੀਕ ਜਾਣਕਾਰੀ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01887-221030 ਤੋਂ ਪ੍ਰਾਪਤ ਕਰਨ। ਉਨ੍ਹਾਂ ਨਾਲ ਡੀਐੱਸਪੀ ਨੰਗਲ ਕੁਲਵੀਰ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਦੋਵੇਂ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਭਾਵੀ ਹੜ੍ਹ ਵਰਗੇ ਹਾਲਾਤ ਬਣਨ ’ਤੇ ਜੋ ਪ੍ਰਸ਼ਾਸਨ ਵੱਲੋਂ ਕੰਮ ਕੀਤੇ ਜਾਣੇ ਹਨ, ਉਨ੍ਹਾਂ ਦੀ ਮੌਕ ਡਰਿੱਲ ਪਹਿਲਾਂ ਕੀਤੀ ਜਾ ਚੁੱਕੀ ਹੈ। ਸਾਰੇ ਵਿਭਾਗ ਸੁਚੇਤ ਹਨ, ਸਾਰੀ ਲੋੜੀਂਦੀ ਸਰਕਾਰੀ ਮਸ਼ੀਨਰੀ ਵੀ ਉਪਲੱਬਧ ਹੈ।

ਚਮਕੌਰ ਸਾਹਿਬ (ਸੰਜੀਵ ਬੱਬੀ): ਉਪ ਮੰਡਲ ਮੈਜਿਸਟਰੇਟ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀਆਂ ਹਦਾਇਤਾਂ ’ਤੇ ਹੜ੍ਹ ਸੰਭਾਵਿਤ ਖੇਤਰ ਪਿੰਡ ਚੌਂਤਾ, ਦਾਊਦਪੁਰ ਕਲਾਂ ਅਤੇ ਫੱਸੇ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ । ਸ੍ਰੀ ਸਿੱਧੂ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਦਰਿਆ ਸਤਲੁਜ ਅਤੇ ਹੋਰ ਨਦੀਆਂ ਨਾਲ ਲੱਗਦੇ ਹੜ੍ਹ ਸੰਭਾਵਿਤ ਖੇਤਰਾਂ ਵਿੱਚ ਸਥਿਤੀ ’ਤੇ 24 ਘੰਟੇ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੜ੍ਹਾਂ ਵਰਗੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ, ਕਿਉਂਕਿ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖੁਦ ਫੀਲਡ ਵਿੱਚ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਨੂੰ ਸਮੇਂ ਸਿਰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ, ਜਿਸ ਦਾ ਫੋਨ ਨੰਬਰ 0181-221157 ਹੈ ਅਤੇ ਐਮਰਜੰਸੀ ਪੈਣ ਤੇ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisement

ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਵੇ ਕੇਂਦਰ: ਬਰਸਟ

ਐੱਸਏਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੇਂਦਰ ਸਰਕਾਰ ਤੇ ਭਾਜਪਾ ਆਗੂਆਂ ਨੂੰ ਅਪੀਲ ਕੀਤੀ ਕਿ ਹਰ ਰੋਜ਼ ਸਿਆਸੀ ਸਟੰਟ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਥਾਂ ਪੰਜਾਬ ਦਾ ਰੋਕਿਆ ਰੂਰਲ ਡਿਵੈਲਪਮੈਂਟ ਫੰਡ (ਆਰਡੀਐੱਫ) ਜੋ ਕਿ 8500 ਕਰੋੜ ਰੁਪਏ ਦੇ ਕਰੀਬ ਬਣਦਾ ਹੈ, ਨਾਲ ਹੀ ਹੈਲਥ ਮਿਸ਼ਨ ਦਾ 1200 ਕਰੋੜ ਰੁਪਈਏ ਤੋਂ ਵੱਧ ਦਾ ਰੋਕਿਆ ਹੋਇਆ ਪੈਸਾ ਅਤੇ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ 900 ਕਰੋੜ ਰੁਪਇਆ ਜਾਰੀ ਕਰੇ। ਉਨ੍ਹਾਂ ਕਿਹਾ ਕਿ ਇਹ ਪੈਸਾ ਰੁਕਣ ਕਾਰਨ ਪਿਛਲੇ 9 ਸਾਲਾਂ ਤੋਂ ਲਿੰਕ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੜ੍ਹਾਂ ਦੀ ਮਾਰ ਕਾਰਨ ਪਿਛਲੇ ਸਮੇਂ ਦੌਰਾਨ ਹੋਏ ਨੁਕਸਾਨ ਅਤੇ ਹੁਣ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਗਿਆ, ਜਦੋਂ ਕਿ ਡਿਜ਼ਾਸਟਰ ਮੈਨਜਮੈਂਟ ਅਧੀਨ ਸੂਬਿਆਂ ਨੂੰ ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕਜ ਦੇਣਾ ਬਣਦਾ ਹੈ। ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੋੜਾਂ ਨੂੰ ਮੁੱਖ ਰੱਖ ਕੇ ਘੱਟੋ-ਘੱਟ 25,000 ਕਰੋੜ ਰੁਪਏ ਦਾ ਵਿਸ਼ੇਸ਼ ਪੈਕਜ ਪੰਜਾਬ ਸਰਕਾਰ ਨੂੰ ਦੇਵੇ ਤਾਂ ਜੋਂ ਹੜ੍ਹਾਂ ਤੇ ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਤਕਰੀਬਨ 8.5 ਲੱਖ ਤੋਂ ਵੱਧ ਰਾਸ਼ਨ ਕਾਰਡ ਕੱਟਣ ਦਾ ਜੋ ਫਰਮਾਨ ਜਾਰੀ ਕੀਤਾ ਹੈ, ਉਹ ਵੀ ਪੰਜਾਬ ਦੀ ਗਰੀਬ ਜਨਤਾ ਨਾਲ ਧੱਕੇਸ਼ਾਹੀ ਹੈ।

ਪੰਜਾਬ ਦੇ ਹੜ੍ਹਾਂ ਨੂੰ ਗੰਭੀਰਤਾ ਨਾਲ ਲੈਣ ਮੁੱਖ ਮੰਤਰੀ: ਅਮਨਜੋਤ ਰਾਮੂਵਾਲੀਆ

ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਸਮੁੱਚਾ ਪੰਜਾਬ ਇਸ ਟਾਈਮ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕਾ ਹੈ, ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਹਨ, ਪਸ਼ੂ ਧਨ ਅਤੇ ਘਰਾਂ ਦਾ ਨੁਕਸਾਨ ਹੋ ਗਿਆ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ ਚੇਨੱਈ ਵਿਖੇ ਸੈਰ ਕਰ ਰਹੇ ਹਨ।

ਬੀਬਾ ਅਮਨਜੋਤ ਨੇ ਅਪੀਲ ਕੀਤੀ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ, ਪੀੜਤ ਪਰਿਵਾਰਾਂ ਨੂੰ ਫੌਰੀ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਅਤੇ ਜੋ ਬੰਨ੍ਹ ਧੁੱਸੀਆਂ ’ਤੇ ਬੰਨ੍ਹਣ ਯੋਗ ਹਨ ਉਨ੍ਹਾਂ ਨੂੰ ਫੌਰੀ ਬਣਾਇਆ ਜਾਵੇ ਤਾਂ ਜੋ ਹੋਰ ਤਬਾਹੀ ਰੋਕੀ ਜਾਵੇ।

Advertisement
×