ਦੋ ਕਤਲ ਕੇਸਾਂ ਵਿੱਚ ਪੰਜ ਜਣੇ ਗ੍ਰਿਫ਼ਤਾਰ
ਪਿੰਡ ਚਨਾਰਥਲ ਵਿੱਚ ਸੁਖਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਉਸ ਦੀ ਧੀ ਜਸਵਿੰਦਰ ਕੌਰ ਦੇ ਬਿਆਨਾਂ ’ਤੇ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ, ਰਵਿੰਦਰਪਾਲ ਸਿੰਘ ਉਰਫ਼ ਅਮਨੀ ਅਤੇ ਮਨੀ ਸਿੰਘ ਉਰਫ਼ ਮਨੀ ਵਾਸੀ ਚਨਾਰਥਲ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ...
ਪਿੰਡ ਚਨਾਰਥਲ ਵਿੱਚ ਸੁਖਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਉਸ ਦੀ ਧੀ ਜਸਵਿੰਦਰ ਕੌਰ ਦੇ ਬਿਆਨਾਂ ’ਤੇ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ, ਰਵਿੰਦਰਪਾਲ ਸਿੰਘ ਉਰਫ਼ ਅਮਨੀ ਅਤੇ ਮਨੀ ਸਿੰਘ ਉਰਫ਼ ਮਨੀ ਵਾਸੀ ਚਨਾਰਥਲ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤਿਆ ਚਾਕੂ ਅਤੇ ਦਾਤਰ ਬਰਾਮਦ ਕੀਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸਖਜਿੰਦਰ ਸਿੰਘ ਦੇ ਪੁੱਤਰ ਰਵਿੰਦਰ ਸਿੰਘ ਨੂੰ ਆਪਣੇ ਪਿਤਾ ’ਤੇ ਸ਼ੱਕ ਸੀ ਕਿ ਉਹ ਉਸ ਦੀ ਪਤਨੀ ’ਤੇ ਕਥਿਤ ਮਾੜੀ ਨਜ਼ਰ ਰੱਖਦਾ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਪਿਤਾ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਵਾਪਸ ਆਇਆ ਤਾਂ ਉਨ੍ਹਾਂ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਪਿੰਡ ਜਲਖੇੜੀ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ। ਇਸ ਮਗਰੋਂ ਆਪਣੇ ਬਚਾਅ ਲਈ ਗੁੰਮਸ਼ੁਦਗੀ ਦੀ ਰਿਪੋਰਟ ਦੇ ਦਿੱਤੀ। ਇਸੇ ਤਰ੍ਹਾਂ ਪਿੰਡ ਆਲੀਆ (ਤਲਾਣੀਆਂ) ਵਿੱਚ ਵਿਦੇਸ਼ ਤੋਂ ਆਏ ਸੁਰਜੀਤ ਸਿੰਘ ਉਰਫ਼ ਸੋਨੀ (46) ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਉਸ ਦੀ ਪਤਨੀ ਬਲਵੀਰ ਕੌਰ ਅਤੇ ਪ੍ਰੇਮੀ ਟੈਂਪੂ ਚਾਲਕ ਅਮਰ ਨਾਥ ਉਰਫ਼ ਜੈਮਲ ਵਾਸੀ ਤਲਾਣੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਅਦਾਲਤ ਕੋਲੋਂ ਪੁਲੀਸ ਰਿਮਾਂਡ ਹਾਸਲ ਕਰ ਲਿਆ ਤੇ ਅਗਲੀ ਜਾਂਛ ਕੀਤੀ ਜਾ ਰਹੀ ਹੈ। ਇਸ ਮੌਕੇ ਕਪਤਾਨ ਪੁਲੀਸ ਰਾਕੇਸ਼ ਯਾਦਵ, ਉਪ ਪੁਲੀਸ ਕਪਤਾਨ ਕੁਲਬੀਰ ਸਿੰਘ ਸੰਧੂ ਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਇੰਦਰਜੀਤ ਸਿੰਘ ਆਦਿ ਮੌਜੂਦ ਸਨ।

