ਪੰਚਕੂਲਾ ਦੇ ਪੰਚਕਰਮਾ ਸੈਂਟਰ ਵਿੱਚ ਅੱਗ ਲੱਗ ਗਈ ਜਿਸ ਇੱਕ ਥੈਰੇਪਿਸਟ ਝੁਲਸ ਗਈ। ਇਹ ਹਾਦਸਾ ਸੈਕਟਰ 9 ਦੇ ਸਰਕਾਰੀ ਆਯੁਰਵੈਦਿਕ ਪੰਚਕਰਮਾ ਸੈਂਟਰ ’ਚ ਪੰਜ ਸਟੀਮਰ ਲੰਬੇ ਸਮੇਂ ਤੋਂ ਖਰਾਬ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਬਦਲਣ ’ਚ ਕਥਿਤ ਦੇਰੀ ਕਾਰਨ ਵਾਪਰਿਆ। ਹਾਦਸੇ ’ਚ ਥੈਰੇਪਿਸਟ ਕਲਪਨਾ ਵਰਮਾ ਦੀ ਲੱਤ ਝੁਲਸ ਗਈ। ਕਲਪਨਾ ਨੂੰ ਸੈਕਟਰ 6 ਸਿਵਲ ਹਸਪਤਾਲ ਤੋਂ ਪਬਲਿਕ ਹੈਲਥ ਇੰਸਟੀਚਿਊਟ ਆਫ਼ ਇੰਡੀਆ (ਪੀਜੀਆਈ) ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਹਾਲਤ ਹੁਣ ਸਥਿਰ ਹੈ।
ਹਾਦਸੇ ਦੀ ਜਾਂਚ ਤਹਿਤ ਕੇਂਦਰ ’ਚ ਕੰਮ ਕਰਨ ਵਾਲੇ ਥੈਰੇਪਿਸਟਾਂ ਤੇ ਸਟਾਫ ਦੇ ਬਿਆਨ ਦਰਜ ਕਰਨ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ। ਜਦੋਂ ਕਮੇਟੀ ਨੇ ਕਰਮਚਾਰੀਆਂ ਦੇ ਬਿਆਨ ਲਏ ਤਾਂ ਇਹ ਖੁਲਾਸਾ ਹੋਇਆ ਕਿ ਸਟੀਮਰ ਛੇ ਮਹੀਨੇ ਪਹਿਲਾਂ ਖਰਾਬ ਹੋ ਗਏ ਸਨ, ਫਿਰ ਵੀ ਇਹ ਬਦਲੇ ਨਹੀਂ ਗਏ। ਸਟੀਮਰਾਂ ਦੀ ਵਰਤੋਂ ਬਿਨਾਂ ਬ੍ਰੇਕ ਦੇ ਅਤੇ ਉਨ੍ਹਾਂ ਦੀ ਮਿਆਦ ਪੁੱਗਣ ਦੀ ਤਾਰੀਖ ਦੇ ਬਾਵਜੂਦ ਜਾਰੀ ਰਹੀ। ਨਵੇਂ ਸਟੀਮਰਾਂ ਲਾਉਣ ਲਈ ਲੋਕ ਨਿਰਮਾਣ ਵਿਭਾਗ ਨੂੰ ਪੱਤਰ ਭੇਜਿਆ ਗਿਆ ਸੀ। ਬਜਟ ਵੀ ਪ੍ਰਾਪਤ ਹੋਇਆ ਪਰ ਟੈਂਡਰ ਪ੍ਰਕਿਰਿਆ ਵਿੱਚ ਦੇਰੀ ਕਾਰਨ, ਨਵੇਂ ਸਟੀਮਰ ਨਹੀਂ ਲਾਏ ਜਾ ਸਕੇ।
ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਦਿਲੀਪ ਮਿਸ਼ਰਾ ਨੇ ਕਿਹਾ ਕਿ ਕਮਰੇ ਦੇ ਬਾਹਰ ਸਟੀਮਰ ਲਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੀ ਡਬਲਯੂ ਡੀ ਵਿਭਾਗ ਜਲਦੀ ਹੀ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਰਵੇਖਣ ਕਰੇਗਾ।

