ਇੱਥੋਂ ਦੇ ਪੰਚਕੂਲਾ ਹੱਦ ਨੇੜੇ ਸਥਿਤ ਇਕ ਮੈਰਿਜ ਪੈਲੇਸ ਵਿੱਚ ਲੰਘੀ ਦੇਰ ਰਾਤ ਇੱਕ ਵਿਆਹ ਸਮਾਗਮ ਦੌਰਾਨ ਭਿਆਨਕ ਅੱਗ ਲੱਗ ਗਈ। ਵਿਆਹ ਸਮਾਗਮ ’ਚ ਆਏ ਲੋਕਾਂ ਨੇ ਪੈਲੇਸ ਤੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਦਰਜਨ ਦੇ ਕਰੀਬ ਗੱਡੀਆਂ ਨੇ ਘੰਟਿਆਂਬੱਧੀ ਮਿਹਨਤ ਮਗਰੋਂ ਅੱਗ ਤੇ ਕਾਬੂ ਪਾਇਆ। ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਗਿਆਰਾਂ ਵਜੇ ਦੇ ਕਰੀਬ ਔਰਾ ਗਾਰਡਨ ਮੈਰਿਜ ਪੈਲੇਸ ਵਿੱਚ ਇੱਕ ਡਾਕਟਰ ਜੋੜੇ ਦੇ ਵਿਆਹ ਸਮਾਗਮ ਦੀ ਪਾਰਟੀ ਹੋ ਰਹੀ ਸੀ। ਇਸ ਦੌਰਾਨ ਰਸੋਈ ਵਿੱਚੋ ਅਚਾਨਕ ਧੂਆਂ ਉੱਠਦਾ ਦਿਖਾਈ ਦਿੱਤਾ। ਹੋਟਲ ਸਟਾਫ਼ ਵੱਲੋਂ ਆਪਣੇ ਪੱਧਰ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਅੱਗ ਕਾਬੂ ਨਹੀਂ ਆਈ ਤਾਂ ਉਨ੍ਹਾਂ ਸਮਝਦਾਰੀ ਵਰਤਦਿਆਂ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਵਿਆਹੇ ਡਾਕਟਰ ਜੋੜੇ ਨੂੰ ਸੁਰੱਖਿਅਤ ਗੱਡੀ ਵਿਚ ਘਰ ਭੇਜ ਦਿੱਤਾ ਗਿਆ ਜਿਸ ਮਗਰੋਂ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਨੂੰ ਕੱਢਿਆ ਗਿਆ। ਅੱਗ ਦੀਆਂ ਤੇਜ਼ ਲਪਟਾਂ ਨੇ ਨਾਲ ਲੱਗਦੇ ਪੈਲੇਸ ਸੇਖੋਂ ਬੈਂਕਟ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜ਼ੀਰਕਪੁਰ, ਡੇਰਾਬੱਸੀ ਅਤੇ ਪੰਚਕੂਲਾ ਤੋਂ ਆਈ ਦਰਜਨ ਦੇ ਕਰੀਬ ਗੱਡੀਆਂ ਨੇ ਘੰਟਿਆਂਬੱਧੀ ਮਿਹਨਤ ਕਰਕੇ ਅੱਗ ਤੇ ਕਾਬੂ ਪਾਇਆ।
ਜ਼ੀਰਕਪੁਰ ਵਿੱਚ ਅੱਗ ਲੱਗਣ ਕਾਰਨ ਮੈਰਿਜ ਪੈਲੇਸ ਵਿੱਚ ਭਾਜੜਾਂ ਪੈਣ ਕਰਕੇ ਪੰਚਕੂਲਾ ਸੜਕ ’ਤੇ ਜਾਮ ਲੱਗ ਗਿਆ, ਇੱਕ ਸੜਕ ਜਾਮ ਹੋਣ ਕਾਰਨ ਕੁਛ ਦੇਰ ਵਿੱਚ ਹੀ ਪੂਰੇ ਸ਼ਹਿਰ ਦੀ ਸੜਕਾਂ ਤੇ ਜਾਮ ਲੱਗ ਗਿਆ। ਇਸ ਦੌਰਾਨ ਚੰਡੀਗੜ੍ਹ ਅੰਬਾਲਾ, ਜ਼ੀਰਕਪੁਰ ਪੰਚਕੂਲਾ ਅਤੇ ਜ਼ੀਰਕਪੁਰ ਪਟਿਆਲਾ ਸੜਕ ਪੂਰੀ ਤਰਾਂ ਜਾਮ ਲੱਗ ਗਿਆ। ਸ਼ਹਿਰ ਦੀ ਸਾਰੀ ਸੜਕਾਂ ਤੇ ਜਾਮ ਹੋਣ ਕਾਰਨ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਨੂੰ ਮੌਕੇ ਤੇ ਭੇਜਣ ਵਿੱਚ ਕਾਫੀ ਦਿੱਕਤਾਂ ਆਈਆਂ। ਪੁਲੀਸ ਨੇ ਬੜੀ ਮੁਸ਼ਕਲ ਨਾਲ ਗੱਡੀਆਂ ਨੂੰ ਮੌਕੇ ’ਤੇ ਪਹੁੰਚਾਇਆ।
ਮੌਕੇ ’ਤੇ ਪਹੁੰਚੇ ਏਐੱਸਪੀ ਜ਼ੀਰਕਪੁਰ ਗਜਲਪ੍ਰੀਤ ਕੌਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੈਰਿਜ ਪੈਲੇਸ ਦੇ ਮਾਲਕ ਨੇ ਦੱਸਿਆ ਕਿ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਦਕਿ ਸੇਖੋਂ ਬੈਂਕਟ ਦਾ ਵੀ ਥੋੜ੍ਹਾ ਨੁਕਸਾਨ ਹੋਇਆ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੌਕੇ ਦਾ ਦੌਰਾ ਕਰਦਿਆਂ ਮਾਮਲੇ ਦੀ ਜਾਂਚ ਕਰਨ ਦੀ ਹਦਾਇਤ ਕੀਤੀ।

