ਘੱਗਰ ਵਿਚ ਪਾਣੀ ਵਧਣ ਕਾਰਨ ਨੇੜਲੇ ਪਿੰਡਾਂ ’ਚ ਸਹਿਮ
ਬਨੂੜ ਨੇੜਿਉਂ ਲੰਘਦਾ ਘੱਗਰ ਦਰਿਆ ਵਿੱਚ ਇਸ ਵਰ੍ਹੇ ਦਾ ਸਭ ਤੋਂ ਵੱਧ ਪਾਣੀ ਆਇਆ। ਸਾਰਾ ਦਿਨ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿੰਦੇ ਰਹੇ ਪਾਣੀ ਕਾਰਨ ਦਰਿਆ ਕੰਢੇ ਵੱਸੇ ਪਿੰਡਾਂ ਦੇ ਲੋਕ ਸਹਿਮ ਵਿੱਚ ਰਹੇ। ਸ਼ਾਮ ਸਮੇਂ ਪਾਣੀ ਘਟਣਾ ਸ਼ੁਰੂ ਹੋਇਆ, ਜਿਸ ਮਗਰੋਂ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ। ਮਨੌਲੀ ਸੂਰਤ ਵਿੱਚ ਘੱਗਰ ਨੇੜੇ ਸੜਕ ਨੀਵੀਂ ਹੋਣ ਕਾਰਨ ਅਤੇ ਚੋਅ ਦਾ ਪਾਣੀ ਰਲਣ ਕਾਰਨ ਸੜਕ ਉੱਤੇ ਪਾਣੀ ਆ ਗਿਆ, ਜਿਸ ਕਾਰਨ ਬਨੂੜ-ਲਾਲੜੂ ਮਾਰਗ ’ਤੇ ਆਵਾਜਾਈ ਬੰਦ ਕਰਨੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿੱਚ ਸਵੇਰੇ ਪੰਜ ਵਜੇ ਤੋਂ ਪਾਣੀ ਵਧਣਾ ਸ਼ੁਰੂ ਹੋਇਆ ਅਤੇ ਸਵੇਰੇ ਨੌਂ ਵਜੇ ਇਸ ਦੀ ਉਚਾਈ ਅੱਠ ਫੁੱਟ ’ਤੇ ਪਹੁੰਚ ਗਈ ਸੀ। ਦਸ ਵਜੇ ਪਾਣੀ ਨੌਂ ਫੁੱਟ ’ਤੇ ਪਹੁੰਚ ਗਿਆ, ਜਿਹੜਾ ਕਿ ਖਤਰੇ ਦੇ ਅੱਠ ਫੁੱਟ ਦੇ ਨਿਸ਼ਾਨ ਤੋਂ ਇੱਕ ਫੁੱਟ ਵੱਧ ਸੀ। ਗਿਆਰਾਂ ਵਜੇ ਇਸ ਦੀ ਉਚਾਈ ਦਸ ਫੁੱਟ ’ਤੇ ਪਹੁੰਚ ਗਈ। ਬਾਅਦ ਦੁਪਹਿਰ ਸਾਢੇ ਤਿੰਨ ਵਜੇ ਪਾਣੀ ਦੀ ਮਿਕਦਾਰ ਸਾਢੇ ਬਾਰਾਂ ਫੁੱਟ ਦੀ ਉਚਾਈ ’ਤੇ ਪਹੁੰਚ ਗਈ ਸੀ, ਜਿਹੜਾ ਕਿ 91,555 ਕਿਊਸਿਕ ਬਣਦਾ ਹੈ। ਸ਼ਾਮ ਪੰਜ ਵਜੇ ਘੱਗਰ ਦਾ ਪਾਣੀ ਘਟਣਾ ਸ਼ੁਰੂ ਹੋਇਆ ਅਤੇ ਗਿਆਰਾਂ ਫੁੱਟ ’ਤੇ ਆ ਗਿਆ। ਸ਼ਾਮ ਛੇ ਵਜੇ ਇਸ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ ਅਤੇ ਪਾਣੀ ਘਟ ਕੇ ਸਾਢੇ ਨੌਂ ਫੁੱਟ (53,222 ਕਿਊਸਿਕ) ਅਤੇ ਸ਼ਾਮੀ ਸੱਤ ਵਜੇ ਨੌਂ ਫੁੱਟ ’ਤੇ ਆ ਗਿਆ। ਪਾਣੀ ਦੇ ਵਧੇ ਪੱਧਰ ਕਾਰਨ ਸਾਰਾ ਦਿਨ ਪ੍ਰਸ਼ਾਸਨਿਕ ਅਧਿਕਾਰੀ ਪਾਣੀ ਦੇ ਪੱਧਰ ਅਤੇ ਬੰਨ੍ਹਾਂ ਦਾ ਜਾਇਜ਼ਾ ਲੈਂਦੇ ਰਹੇ। ਨੇੜਲੇ ਕਲੌਲੀ ਪਿੰਡ ਦੇ ਪਰਿਵਾਰਾਂ ਰਿੰਕੂ ਰਾਮ ਪੁੱਤਰ ਹਰਕੇਸ਼ ਚੰਦ, ਸੁਨੀਤਾ ਬਾਈ ਪਤਨੀ ਅਸੋਕ ਕੁਮਾਰ ਦੇ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ। ਛੱਤਾਂ ਡਿੱਗਣ ਨਾਲ ਘਰੇਲੂ ਨੁਕਸਾਨ ਨੁਕਸਾਨਿਆ ਗਿਆ। ਪਿੰਡ ਰਾਮਪੁਰ ਕਲਾਂ ਵਿੱਚ ਇੱਕ ਪਸ਼ੂਆਂ ਵਾਲਾ ਸ਼ੈੱਡ ਡਿੱਗਣ ਕਾਰਨ ਦੋ ਮੱਝਾਂ ਜ਼ਖ਼ਮੀ ਹੋ ਗਈਆਂ।
ਗਮਾਡਾ ਵੱਲੋਂ ਹੜ੍ਹ ਕੰਟਰੋਲ ਰੂਮ ਸਥਾਪਤ
ਐੱਸਏਐੱਸ ਨਗਰ (ਮੁਹਾਲੀ)(ਖੇਤਰੀ ਪ੍ਰਤੀਨਿਧ): ਭਾਰੀ ਮੀਂਹ ਦੇ ਚੱਲਦਿਆਂ ਆਪਣੇ ਅਧਿਕਾਰ ਖੇਤਰ ਅਧੀਨ ਪੈਂਦੇ ਇਲਾਕਿਆਂ ਦੇ ਵਸਨੀਕਾਂ ਦੀ ਸਹਾਇਤਾ ਲਈ, ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਹੜ੍ਹ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਬੇੜੇ ਲਈ ਇੱਕ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਹੈ। ਅਥਾਰਟੀ ਦੇ ਦਫਤਰ ਵਿੱਚ ਸਥਾਪਤ ਕੀਤਾ ਗਿਆ ਇਹ ਕੰਟਰੋਲ ਰੂਮ ਹਫ਼ਤੇ ਦੇ ਸੱਤ ਦਿਨ ਚੌਵੀ ਘੰਟੇ ਕੰਮ ਕਰੇਗਾ ਅਤੇ ਲੋਕ ਆਪਣੀਆਂ ਸ਼ਿਕਾਇਤਾਂ ਮੋਬਾਇਲ ਨੰਬਰ 6239885502 ’ਤੇ ਦਰਜ ਕਰਵਾ ਸਕਦੇ ਹਨ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸੇਸ ਸਾਰੰਗਲ, ਦੱਸਿਆ ਕਿ ਹੜ੍ਹ ਕੰਟਰੋਲ ਰੂਮ ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਹੱਲ ਲਈ ਸਟਾਫ਼ ਤਾਇਨਾਤ ਕੀਤਾ ਗਿਆ ਹੈ।