ਗਰਿੱਡ ’ਚ ਪਿਆ ਨੁਕਸ; ਕਈ ਸੈਕਟਰਾਂ ’ਚ ਬੱਤੀ ਗੁੱਲ
ਸ਼ਹਿਰ ਦੇ ਸੈਕਟਰ-56 ਸਥਿਤ ਬਿਜਲੀ ਦੇ 66 ਕੇਵੀ ਗਰਿੱਡ ਵਿੱਚ ਅੱਜ ਅਚਾਨਕ ਹੋਏ ਧਮਾਕੇ ਉਪਰੰਤ ਕਈ ਸੈਕਟਰਾਂ ਦੀ ਬਿਜਲੀ ਗੁੱਲ ਹੋ ਗਈ। ਇਸ ਕਾਰਨ ਲੋਕਾਂ ਨੂੰ ਗਰਮੀ ਕਰ ਕੇ ਬੇਹਾਲ ਹੋਣਾ ਪਿਆ। ਜਾਣਕਾਰੀ ਮੁਤਾਬਕ ਬਿਜਲੀ ਧਮਾਕਾ ਹੋਣ ਕਾਰਨ ਗਰਿੱਡ ਅਧੀਨ ਪੈਂਦੇ ਸੈਕਟਰ-40, 41, ਬੁਟੇਰਲਾ, ਬਡਹੇੜੀ ਸਣੇ ਹੋਰ ਖੇਤਰਾਂ ਵਿੱਚ ਬਿਜਲੀ ਬੰਦ ਹੋ ਗਈ। ਦੁਪਹਿਰ ਲਗਪਗ 12 ਵਜੇ ਦੀ ਬੰਦ ਹੋਈ ਬਿਜਲੀ ਸ਼ਾਮ ਕਰੀਬ ਨੌਂ ਵਜੇ ਤੱਕ ਵੀ ਚਾਲੂ ਨਹੀਂ ਸੀ ਹੋ ਸਕੀ। ਲੋਕਾਂ ਦੇ ਘਰਾਂ ਵਿੱਚ ਲੱਗੇ ਇਨਵਰਟਰ ਵੀ ਜਵਾਬ ਦੇ ਗਏ।
ਨਿਗਮ ਦੇ ਵਾਰਡ ਨੰਬਰ-30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਕਰ ਕੇ ਇਲਾਕੇ ਦੇ ਲੋਕਾਂ ਖ਼ਾਸਕਰ ਬਜ਼ੁਰਗਾਂ ਨੂੰ ਪੱਖੀਆਂ ਕੱਢਣੀਆਂ ਪੈ ਗਈਆਂ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਦੇ ਐੱਸਡੀਓਜ਼ ਸਣੇ ਵੱਖ-ਵੱਖ ਅਧਿਕਾਰੀਆਂ ਨੂੰ ਜਦੋਂ ਫੋਨ ਕੀਤੇ ਤਾਂ ਉਨ੍ਹਾਂ ਹਰ ਵਾਰ ਅੱਧੇ ਘੰਟੇ ਤੱਕ ਸਪਲਾਈ ਚਾਲੂ ਹੋਣ ਦਾ ਭਰੋਸਾ ਦਿਵਾਇਆ ਪਰ ਬਿਜਲੀ ਸਪਲਾਈ ਸ਼ਾਮ ਤਕ ਚਾਲੂ ਨਹੀਂ ਹੋ ਸਕੀ।
‘ਆਪ’ ਦੇ ਮੁਲਾਜ਼ਮ ਆਗੂ ਤੇ ਸੈਕਟਰ-51 ਸਥਿਤ ਨਿਊ ਲਾਈਟ ਸੁਸਾਇਟੀ ਦੇ ਵਾਸੀ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਲਗਾਤਾਰ ਪੰਜ-ਛੇ ਘੰਟੇ ਬਿਜਲੀ ਦੇ ਕੱਟ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਝੱਲਣੀ ਪਈ। ਲੋਕਾਂ ਆਖ ਰਹੇ ਹਨ ਕਿ ਇਹ ਭਾਜਪਾ ਸਰਕਾਰ ਦੇ ਨਿੱਜੀਕਰਨ ਦਾ ਚੰਡੀਗੜ੍ਹ ਵਾਸੀਆਂ ਨੂੰ ਪਹਿਲਾ ਤੋਹਫ਼ਾ ਹੈ ਜਦੋਂਕਿ ਪ੍ਰਾਈਵੇਟ ਕੰਪਨੀ ਮੀਟਰਾਂ ਦੀ ਅਤੇ ਹੋਰ ਮਹੀਨਾਵਾਰ ਚਾਰਜਾਂ ਬਾਰੇ ਨਵੇਂ ਫਾਰਮੂਲੇ ਲੈ ਕੇ ਆ ਰਹੀ ਹੈ। ਇਸ ਨਾਲ ਲੋਕਾਂ ਉੱਪਰ ਹੋਰ ਵਿੱਤੀ ਬੋਝ ਪਵੇਗਾ ਪਰ ਅੱਜ ਜਿੰਨਾ ਵੱਡਾ ਕੱਟ ਕਦੇ ਚੰਡੀਗੜ੍ਹ ਦੇ ਇਤਿਹਾਸ ’ਚ ਨਹੀਂ ਲੱਗਿਆ। ਲੋਕਾਂ ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਸੰਘਰਸ਼ ਵੀ ਕੀਤਾ ਪਰ ਪ੍ਰਸ਼ਾਸਨ ਨੇ ਆਪਣੀ ਅੜੀ ਪੁਗਾਈ ਜਿਸ ਦਾ ਖਾਮਿਆਜ਼ਾ ਅੱਜ ਸ਼ਹਿਰ ਵਾਸੀ ਭੁਗਤ ਰਹੇ ਹਨ।
ਮੌਸਮ ਕਾਰਨ ਦਿੱਕਤ ਆਈ: ਐਕਸੀਅਨ
ਬਿਜਲੀ ਵਿਭਾਗ ਦੇ ਐਕਸੀਅਨ ਵਿਜੇ ਕੁਮਾਰ ਧੀਮਾਨ ਨੇ ਦੱਸਿਆ ਕਿ ਬਰਸਾਤੀ ਸੀਜ਼ਨ ਦੌਰਾਨ ਵਾਤਾਵਰਨ ਵਿੱਚ ਨਮੀਂ ਵਧਣ ਕਰ ਕੇ ਬੱਸ-ਬਾਰ ਬਲਾਸਟ ਹੋ ਗਿਆ। ਇਸ ਨੂੰ ਠੀਕ ਕਰਨ ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ। ਵਿਭਾਗ ਦੇ ਕਰਮਚਾਰੀ ਇਸ ਨੁਕਸ ਨੂੰ ਠੀਕ ਕਰਨ ਲਈ ਜੁਟੇ ਹੋਏ ਹਨ।