ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਧੀਕ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਵੱਲੋਂ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਨੰਗਲ ਸਲੇਮਪੁਰ ਦੇ ਪਿਉ-ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਗੁਰਦੀਪ ਸਿੰਘ ਉਰਫ਼ ਸੋਨੀ ਅਤੇ ਉਸ ਦੇ ਪਿਤਾ ਮਹਿੰਦਰ ਸਿੰਘ ਨੂੰ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੇ ਮਾਮਲੇ ਵਿੱਚ ਉਮਰ ਕੈਦ ਅਤੇ 20,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।ਸਾਲ 2017 ਵਿੱਚ ਪਿੰਡ ਨੰਗਲ ਸਲੇਮਪੁਰ ਵਿੱਚ ਇੱਕ ਝਗੜਾ ਹੋਇਆ, ਜਿਸ ਵਿੱਚ ਪਿੰਡ ਨੰਗਲ ਸਲੇਮਪੁਰ ਦੇ ਜਤਿੰਦਰ ਸਿੰਘ ਉਰਫ਼ ਗੋਲੂ ਦਾ ਕਤਲ ਕਰ ਦਿੱਤਾ ਗਿਆ ਸੀ। ਮੰਗਾ ਸਿੰਘ ਦੀ ਸ਼ਿਕਾਇਤ ਉੱਤੇ ਬਨੂੜ ਪੁਲੀਸ ਨੇ ਪਰਚਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕਥਿਤ ਦੋਸ਼ੀਆਂ ਨੇ ਜਤਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਕਾਰ ਨਾਲ ਫੇਟ ਮਾਰੀ ਤੇ ਬਾਅਦ ਵਿੱਚ ਉਸ ਨੂੰ ਸੱਟਾਂ ਮਾਰੀਆਂ ਗਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ।