ਫ਼ਤਹਿ ਮੀਨਾਰ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਸਮੇਂ ਚੱਪੜਚਿੜੀ ਵਿੱਚ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਉਸਾਰੀ ਗਈ ਫ਼ਤਹਿ ਮੀਨਾਰ ਸਰਕਾਰੀ ਬੇਰੁਖ਼ੀ ਦਾ...
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਸਮੇਂ ਚੱਪੜਚਿੜੀ ਵਿੱਚ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਉਸਾਰੀ ਗਈ ਫ਼ਤਹਿ ਮੀਨਾਰ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਯਾਦਗਾਰ ਦਾ ਸੰਚਾਲਨ ਕਰ ਰਹੀ ਕੰਪਨੀ ਦਾ ਟੈਂਡਰ ਮੁੱਕਣ ਉਪਰੰਤ ਹਾਲੇ ਤੱਕ ਦੁਬਾਰਾ ਨਵੇਂ ਸਿਰਿਉਂ ਕਿਸੇ ਕੰਪਨੀ ਨੂੰ ਟੈਂਡਰ ਨਾ ਦੇਣ ਕਾਰਨ ਯਾਦਗਾਰ ਦਾ ਅੰਦਰੂਨੀ ਹਿੱਸਾ ਬੰਦ ਪਿਆ ਹੈ ਅਤੇ ਵੱਡੀ ਗਿਣਤੀ ਸ਼ਰਧਾਲੂ ਬਿਨਾਂ ਕੋਈ ਜਾਣਕਾਰੀ ਹਾਸਲ ਕੀਤਿਆਂ ਨਿਰਾਸ਼ ਹੋ ਕੇ ਵਾਪਸ ਪਰਤਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਫ਼ਤਹਿ ਮੀਨਾਰ ਨੂੰ ਆਉਂਦੀ ਸੜਕ ਦੀ ਹਾਲਤ ਖਸਤਾ ਹੈ। ਅਕਾਲੀ ਦਲ ਵੱਲੋਂ ਇਸ ਨੂੰ ਨਵਿਆਉਣ ਲਈ ਖ਼ੁਦ ਕੋਸ਼ਿਸ਼ਾਂ ਆਰੰਭਣ ਤੋਂ ਬਾਅਦ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੀ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਯਾਦਗਾਰ ਨੂੰ ਤਾਲਾ ਲੱਗਿਆ ਹੋਇਆ ਹੈ ਤੇ ਕੰਪਨੀ ਦੇ ਕਰਮਚਾਰੀ ਟੈਂਡਰ ਖ਼ਤਮ ਹੋਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਖ਼ੁਦ ਮੌਕੇ ’ਤੇ ਜਾ ਕੇ ਆਏ ਹਨ ਅਤੇ ਤਾਲਾ ਲਾਏ ਜਾਣ ਸਬੰਧੀ ਕੰਪਨੀ ਦੇ ਨੁਮਾਇੰਦੇ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਟੈਂਡਰ ਖ਼ਤਮ ਹੋਣ ਕਾਰਨ ਇਸ ਦਾ ਸੰਚਾਲਨ ਬੰਦ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿਸ ਕਿਸੇ ਨੇ ਵੀ ਕੁਤਾਹੀ ਕੀਤੀ ਹੈ, ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯਾਦਗਾਰ ਦੀ ਤਾਲਾਬੰਦੀ ਤੁਰੰਤ ਖੁੱਲ੍ਹਵਾਈ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਕਾਲੀ ਦਲ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗਾ।

