ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਸਮਾਪਤ ਹੋਇਆ ਫ਼ਤਹਿ ਮਾਰਚ
ਡਾ. ਹਿਮਾਂਸੂ ਸੂਦ
ਫ਼ਤਹਿਗੜ੍ਹ ਸਾਹਿਬ, 12 ਮਈ
ਸਰਹਿੰਦ ਫ਼ਤਹਿ ਦਿਵਸ ਦੀ 315ਵੀਂ ਵਰ੍ਹੇਗੰਢ ’ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਵੱਲੋਂ ਗੁਰਦੁਆਰਾ ਫ਼ਤਹਿ-ਏ-ਗੰਗ ਸਾਹਿਬ ਚੱਪੜਚਿੱੜੀ ਤੋਂ ਯਾਦਗਾਰੀ ਫ਼ਤਹਿ ਮਾਰਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਕੱਢਿਆ ਗਿਆ। ਇਸ ਦੀ ਸੰਪੂਰਨਤਾ ਇਤਿਹਾਸਕ ਥੇਹ ਉੱਪਰ ਨਿਸ਼ਾਨ ਸਾਹਿਬ ਝਲਾਉਣ ਉਪਰੰਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਹੋਈ। ਸਮਾਪਤੀ ਦੀ ਅਰਦਾਸ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕੀਤੀ। ਸ਼ੁਰੂਆਤ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਦਸਮ ਪਿਤਾ ਵੱਲੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਖ਼ਾਲਸਾ ਫ਼ੌਜ ਨੇ ਡਟ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਸਰਹਿੰਦ ਫ਼ਤਹਿ ਕਰਨ ਦਾ ਇਤਿਹਾਸ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਅੱਜ ਵੀ ਸਾਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ।
ਇਸ ਮੌਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਪਰਮਜੀਤ ਕੌਰ ਲਾਂਡਰਾ, ਕਰਨੈਲ ਸਿੰਘ ਪੰਜੌੌਲੀ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ, ਉਪ ਪ੍ਰਧਾਨ ਬਲਜੀਤ ਸਿੰਘ ਭੁੱਟਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਜ਼ਿਲ੍ਹਾ ਜਥੇਦਾਰ ਸਰਨਜੀਤ ਸਿੰਘ ਚਨਾਰਥਲ, ਚਰਨਜੀਤ ਸਿੰਘ ਕਾਲੇਵਾਲ, ਰਜਿੰਦਰ ਸਿੰਘ ਟੌਹੜਾ, ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਗ੍ਰੰਥੀ ਗਿਆਨੀ ਅਤਰ ਸਿੰਘ, ਪਰਮਿੰਦਰ ਸਿੰਘ, ਸਰਿੰਦਰ ਸਿੰਘ ਕਿਸ਼ਨਪੁਰਾ, ਨਿਹੰਗ ਸਿੰਘਾਂ ਦੇ ਜਥੇਦਾਰ ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਬੰਤ ਸਿੰਘ ਮੰਡੋਫ਼ਲ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਗਿਆਨੀ ਚਰਨਜੀਤ ਸਿੰਘ ਪ੍ਰਚਾਰਕ ਨੇ ਨਿਭਾਈ।
ਸਰਵਹਿਤਕਾਰੀ ਵਿੱਦਿਆ ਮੰਦਰ ’ਚ ਫ਼ਤਹਿ ਦਿਵਸ ਮਨਾਇਆ
ਖਮਾਣੋਂ (ਜਗਜੀਤ ਕੁਮਾਰ): ਸਰਵਹਿਤਕਾਰੀ ਵਿੱਦਿਆ ਮੰਦਰ ਖ਼ਮਾਣੋ ਵਿੱਚ ਸਰਹਿੰਦ ਫ਼ਤਹਿ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਥੀਆਂ ਨੂੰ ਵੀਡੀਓ ਵੀ ਦਿਖਾਈ ਗਈ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਰਹਿੰਦ ਫ਼ਤਹਿ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲਈ ਸਾਡਾ ਸਭ ਦਾ ਇਹ ਫ਼ਰਜ਼ ਹੈ ਕਿ ਇਸ ਕੁਰਬਾਨੀ ਭਰੇ ਇਤਿਹਾਸ ਦੀ ਸਾਂਭ-ਸੰਭਾਲ ਕਰਦਿਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਫ਼ਤਹਿ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇ।