ਖੇਤੀਬਾੜੀ ਪਾਵਰ ਸਪਲਾਈ ’ਚ ਪੈਂਦੇ ਨੁਕਸਾਂ ਤੋਂ ਕਿਸਾਨ ਪ੍ਰੇਸ਼ਾਨ
ਐੱਸਏਐੱਸ ਨਗਰ(ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਖੇਤੀਬਾੜੀ ਲਈ ਦਿੱਤੀ ਜਾਂਦੀ ਪਾਵਰ ਸਪਲਾਈ ਵਿਚ ਪੈਂਦੇ ਨੁਕਸਾਂ ਤੋਂ ਕਿਸਾਨ ਡਾਹਢੇ ਪ੍ਰੇਸ਼ਾਨ ਹਨ। ਕਿਸਾਨਾਂ ਅਨੁਸਾਰ ਇੱਕ ਵਾਰ ਨੁਕਸ ਪੈਣ ਤੋਂ ਬਾਅਦ ਕਈ-ਕਈ ਦਿਨ ਲਾਈਨਾਂ ਠੀਕ ਨਹੀਂ ਕੀਤੀਆਂ ਜਾਂਦੀਆਂ, ਜਿਸ ਕਾਰਨ ਝੋਨੇ ਦੀ ਪਾਣੀ ਪੂਰਾ ਕਰਨਾ ਵੀ ਔਖਾ ਹੋ ਗਿਆ ਹੈ। ਸਵਾੜਾ ਬਿਜਲੀ ਗਰਿੱਡ ਤੋਂ ਪਾਵਰ ਸਪਲਾਈ ਹਾਸਲ ਕਰਨ ਵਾਲੇ ਪਿੰਡ ਭਾਗੋਮਾਜਰਾ, ਬੈਰੋਂਪੁਰ, ਮੌਜਪੁਰ ਦੇ ਕਿਸਾਨਾਂ ਗੁਰਜੰਟ ਸਿੰਘ ਸਰਪੰਚ ਭਾਗੋਮਾਜਰਾ, ਕਿਸਾਨ ਆਗੂ ਬਲਜਿੰਦਰ ਸਿੰਘ, ਕੁਲਦੀਪ ਸਿੰਘ ਪੂਨੀਆ, ਮਨਿੰਦਰ ਸਿੰਘ ਮੰਗਾ, ਸਪਿੰਦਰ ਸਿੰਘ ਮੌਜਪੁਰ ਅਤੇ ਜਸਵੀਰ ਸਿੰਘ ਨੇ ਦੱਸਿਆ ਉਪਰੋਕਤ ਪਿੰਡਾਂ ਦੀ ਪਾਵਰ ਸਪਲਾਈ ਲਾਈਨ ਅਕਸਰ ਖ਼ਰਾਬੀ ਪਈ ਰਹਿੰਦੀ ਹੈ, ਜਿਸ ਨਾਲ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਮੋਟਰਾਂ ਬੰਦ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦੇ ਬਾਵਜੂਦ ਬਿਜਲੀ ਲਾਈਨਾਂ ਦੀ ਖ਼ਰਾਬੀ ਠੀਕ ਕਰਨ ਲਈ ਕੋਈ ਨਹੀਂ ਆਉਂਦਾ ਤੇ ਕਿਸਾਨਾਂ ਦਾ ਝੋਨਾ ਤੇ ਹੋਰ ਫ਼ਸਲਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਸਵਾੜਾ ਫੀਡਰ ਦੀ ਥਾਂ ਰਾਏਪੁਰ ਕਲਾਂ ਫ਼ੀਡਰ ਨਾਲ ਜੋੜਿਆ ਜਾਵੇ। ਕਿਸਾਨਾਂ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਸਾਰੇ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਖੇਤੀਬਾੜੀ ਵਾਲੀਆਂ ਲਾਈਨਾਂ ਸਥਾਈ ਤੌਰ ’ਤੇ ਠੀਕ ਕਰਾਉਣ ਦੀ ਮੰਗ ਕੀਤੀ ਹੈ।