ਕਿਸਾਨ ਯੂਨੀਅਨ ਨੇ ਚਾਰ ਪਿੰਡਾਂ ’ਚੋਂ ਸਮਾਰਟ ਮੀਟਰ ਪੁੱਟੇ
w ਬਨੂਡ਼ ਦੇ ਐੱਸ ਡੀ ਓ ਕੋਲ 76 ਮੀਟਰ ਜਮ੍ਹਾਂ ਕਰਵਾਏ; ਬਿਜਲੀ ਸੋਧ ਬਿੱਲ-2025 ਖ਼ਿਲਾਫ਼ ਸੰਘਰਸ਼ ਦੀ ਤਿਆਰੀ
ਕਿਸਾਨ ਮਜ਼ਦੂਰ ਮੋਰਚਾ ਨੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਰਾਮਪੁਰ ਦੀ ਅਗਵਾਈ ਹੇਠ ਚਾਰ ਪਿੰਡਾਂ ਦੇ ਬਿਜਲੀ ਦੇ 76 ਸਮਾਰਟ ਮੀਟਰ ਪੁੱਟ ਕੇ ਪਾਵਰਕੌਮ ਦੇ ਬਨੂੜ ਉੱਪ ਮੰਡਲ ਦੇ ਐੱਸ ਡੀ ਓ ਕੋਲ ਜਮਾਂ ਕਰਾਏ ਗਏ।
ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਰਾਮਪੁਰ, ਬਲਾਕ ਰਾਜਪੁਰਾ ਦੇ ਪ੍ਰਧਾਨ ਖੇਮ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ ਲੱਖੀ, ਦਿਲਬਾਗ ਸਿੰਘ ਬਬਲੂ, ਮੇਜਰ ਸਿੰਘ ਸਾਬਕਾ ਸਰਪੰਚ ਰਾਮ ਨਗਰ, ਬਾਬੂ ਸਿੰਘ ਸਾਬਕਾ ਸਰਪੰਚ ਰਾਮਪੁਰ, ਗੁਰਪ੍ਰੀਤ ਸਿੰਘ ਰਾਮਪੁਰ, ਗੁਰਵਿੰਦਰ ਸਿੰਘ ਰਾਮ ਨਗਰ ਨੇ ਦੱਸਿਆ ਕਿ ਪਿੰਡ ਰਾਮਪੁਰ ਖੁਰਦ, ਰਾਮ ਨਗਰ, ਫਤਹਿਪੁਰ ਗੜ੍ਹੀ ਅਤੇ ਬਲਮਾਜਰਾ ਦੇ 76 ਖਪਤਕਾਰਾਂ ਦੀ ਸਹਿਮਤੀ ਨਾਲ ਇਹ ਸਮਾਰਟ ਮੀਟਰ ਪੁੱਟੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰ ਮੋਰਚਾ ਬਿਜਲੀ ਸੋਧ ਬਿਲ-2025 ਨੂੰ ਸੂਬੇ ਵਿੱਚ ਕਦੇ ਵੀ ਲਾਗੂ ਨਹੀਂ ਹੋਣ ਦੇਵੇਗਾ ਅਤੇ ਇਸ ਬਿਜਲੀ ਸੋਧ ਬਿਲ ਨੂੰ ਰੱਦ ਕਰਵਾਉਣ ਲਈ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਮਾਰਟ ਮੀਟਰ ਪੁੱਟਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਇਲਾਕੇ ਵਿੱਚ ਕੋਈ ਨਵਾਂ ਸਮਾਰਟ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ।
ਇਸ ਦੌਰਾਨ ਬਨੂੜ ਦੇ ਐੱਸ ਡੀ ਓ ਮੇਜਰ ਸਿੰਘ ਨੇ ਸੰਪਰਕ ਕਰਨ ਤੇ ਕਿਸਾਨਾਂ ਵੱਲੋਂ ਮੀਟਰ ਜਮ੍ਹਾਂ ਕਰਵਾਉਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਮੀਟਰਾਂ ਦੇ ਲੋੜੀਂਦੇ ਇੰਦਰਾਜ ਦਰਜ ਕਰਕੇ ਮੀਟਰ ਹਾਸਲ ਕੀਤੇ ਹਨ ਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

