Farmer Protest: ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਤੀਜੇ ਗੇੜ ਦੀ ਗੱਲਬਾਤ ਬੇਸਿੱਟਾ, ਅਗਲੀ ਬੈਠਕ 4 ਮਈ ਨੂੰ
ਟ੍ਰਿਬਿਉਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਾਰਚ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਤਿੰਨ ਕੇਂਦਰੀ ਮੰਤਰੀਆਂ ਦਰਮਿਆਨ ਚੰਡੀਗੜ੍ਹ ਵਿਚ ਤੀਜੇ ਗੇੜ ਦੀ ਗੱਲਬਾਤ ਬੇਸਿੱਟਾ ਰਹੀ। ਅਗਲੇ ਗੇੜ ਦੀ ਮੀਟਿੰਗ ਹੁਣ 4 ਮਈ ਨੂੰ ਹੋਵੇਗੀ। ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ ਬੈਠਕ ਦੌਰਾਨ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਗੱਲਬਾਤ ਜਾਰੀ ਰਹੇਗੀ ਤੇ ਅਗਲੀ ਬੈਠਕ 4 ਮਈ ਨੂੰ ਹੋਵੇਗੀ।
ਚੌਹਾਨ ਨੇ ਬੈਠਕ ਮਗਰੋਂ ਕਿਹਾ, ‘‘ਬੈਠਕ ਸਾਜ਼ਗਾਰ ਮਾਹੌਲ ਵਿਚ ਹੋਈ। ਇਸ ਦੌਰਾਨ ਸਕਾਰਾਤਮਕ ਦੇ ਉਸਾਰੂ ਗੱਲਬਾਤ ਹੋਈ। ਗੱਲਬਾਤ ਜਾਰੀ ਰਹੇਗੀ ਤੇ ਅਗਲੀ ਬੈਠਕ 4 ਮਈ ਨੂੰ ਹੋਵੇਗੀ।’’ ਚੌਹਾਨ ਨੇ ਹਾਲਾਂਕਿ ਇਸ ਮੌਕੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ। ਉਂਝ ਕੇਂਦਰੀ ਮੰਤਰੀਆਂ ਤੇ ਕਿਸਾਨ ਆਗੂਆਂ ਦਰਮਿਆਨ ਗੱਲਬਾਤ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੁੱਖ ਮੰਗ ਦੁਆਲੇ ਕੇਂਦਰਤ ਰਹੀ।
ਕਿਸਾਨ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਾਰੰਟੀ ਦੇਣ ਵਾਲੇ ਕਾਨੂੰਨ ਨੂੰ ਲਾਗੂ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ। ਉਨ੍ਹਾਂ ਕੁਝ ਮੀਡੀਆ ਰਿਪੋਰਟਾਂ ਦਾ ਮੁੱਦਾ ਵੀ ਉਠਾਇਆ ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਅਮਰੀਕੀ ਸਰਕਾਰ ਭਾਰਤ ਸਰਕਾਰ ’ਤੇ ਖੇਤੀਬਾੜੀ ਉਤਪਾਦਾਂ ’ਤੇ ਦਰਾਮਦ ਡਿਊਟੀ ਹਟਾਉਣ ਲਈ ਦਬਾਅ ਪਾ ਰਹੀ ਹੈ। ਪਿਛਲੇ ਸਾਲ ਫਰਵਰੀ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਇਹ ਸੱਤਵੇਂ ਦੌਰ ਦੀ ਗੱਲਬਾਤ ਸੀ।
ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ 28 ਨੁਮਾਇੰਦਿਆਂ ਤੇ ਤਿੰਨ ਕੇਂਦਰੀ ਮੰਤਰੀਆਂ ਦਰਮਿਆਨ ਚੰਡੀਗੜ੍ਹ ਦੇ ਸੈਕਟਰ 26 ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮਗਸਿਪਾ) ਵਿਚ ਤੀਜੇ ਗੇੜ ਦੀ ਗੱਲਬਾਤ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋਈ।
ਕੇਂਦਰ ਸਰਕਾਰ ਵੱਲੋਂ ਬੈਠਕ ਵਿਚ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਖੁਰਾਕ ਤੇ ਖਪਤਕਾਰ ਮਾਮਲੇ ਮੰਤਰੀ ਪ੍ਰਹਿਲਾਦ ਜੋਸ਼ੀ ਸ਼ਾਮਲ ਹੋਏ, ਜਦੋਂਕਿ ਵਿੱਤ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਕੀਤੀ। ਬੈਠਕ ਵਿਚ ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਕਿਸਾਨਾਂ ਨੇ 22 ਫਰਵਰੀ ਨੂੰ ਦੂਜੇ ਗੇੜ ਦੀ ਬੈਠਕ ਦੌਰਾਨ ਆਪਣੀ ਰਾਏ ਰੱਖੀ ਸੀ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕਰ ਸਕਦਾ ਹੈ। ਕੇਂਦਰੀ ਟੀਮ ਨੇ ਹਾਲਾਂਕਿ ਉਦੋਂ ਅੰਕੜਿਆਂ ਨੂੰ ਲੈ ਕੇ ਆਪਣੇ ਸ਼ੰਕੇ ਪ੍ਰਗਟਾਏ ਸੀ, ਜਿਸ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਅੰਕੜਿਆਂ ਦੇ ਸਰੋਤਾਂ ਦੇ ਨਾਲ ਇੱਕ ਤਫ਼ਸੀਲੀ ਰਿਪੋਰਟ ਪੇਸ਼ ਕੀਤੀ ਸੀ।
ਕਿਸਾਨ ਮਜ਼ਦੂਰ ਮੋਰਚਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਬੈਠਕ ਤੋਂ ਪਹਿਲਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਕੇਂਦਰੀ ਟੀਮ ਸਾਡੀਆਂ 12 ਮੰਗਾਂ ਪੂਰੀਆਂ ਕਰੇਗੀ, ਜਿਨ੍ਹਾਂ ਵਿੱਚ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਲਈ ਕਾਨੂੰਨੀ ਗਰੰਟੀ, ਸੀ2 + 50 ਫਾਰਮੂਲੇ ’ਤੇ ਐੱਮਐੱਸਪੀ ਨਿਰਧਾਰਤ ਕਰਨਾ, ਫਸਲ ਬੀਮਾ ਯੋਜਨਾ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਮੁਆਫ਼ੀ ਸ਼ਾਮਲ ਹੈ।’’