EXPLAINER: ਪੰਜ ਸਾਲ ਤੋਂ 62 ਸਾਲ ਤੱਕ: ਭਾਰਤੀ ਹਵਾਈ ਫ਼ੌਜ ਦੇ ਬੇੜੇ 'ਤੇ ਇੱਕ ਝਾਤ
ਭਾਰਤੀ ਹਵਾਈ ਫ਼ੌਜ ਦੇ ਬਹੁਤ ਹੀ ਸਤਿਕਾਰਤ ਮਿਗ-21 (MiG-21) ਜੰਗੀ ਜਹਾਜ਼ 62 ਸਾਲਾਂ ਤੱਕ ਭਾਰਤੀ ਉਪ ਮਹਾਂਦੀਪ ਦੇ ਅਸਮਾਨ ਵਿਚ ਗੂੰਜਾਂ ਪਾਉਂਦੇ ਰਹੇ ਅਤੇ ਹੁਣ ਆਖ਼ਰ 19 ਸਤੰਬਰ ਨੂੰ ਉਨ੍ਹਾਂ ਦੀ ਵਿਦਾਈ ਤੇ ਸੇਵਾ-ਮੁਕਤੀ ਦਾ ਵੇਲ਼ਾ ਆ ਗਿਆ ਹੈ। ਇਸ ਨਾਲ ਹੀ ਇਹ ਭਾਰਤੀ ਹਵਾਈ ਸੈਨਾ (Indian Air Force - IAF) ਵਿੱਚ ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲਾ ਜੰਗੀ ਜਹਾਜ਼ ਅਤੇ ਐਵਰੋ (Avro) ਤੋਂ ਬਾਅਦ ਦੂਜਾ ਸਭ ਤੋਂ ਲੰਬਾ ਲਗਾਤਾਰ ਕੰਮ ਕਰਨ ਵਾਲਾ ਹਵਾਈ ਜਹਾਜ਼ ਬਣ ਜਾਵੇਗਾ।
ਮਿਗ-21 ਦੇ ਪੜਾਅਵਾਰ ਸੇਵਾ ਤੋਂ ਬਾਹਰ ਹੋਣ ਨਾਲ ਭਾਰਤੀ ਹਵਾਈ ਫ਼ੌਜ ਕੋਲ ਛੇ ਕਿਸਮਾਂ ਦੇ ਲੜਾਕੂ ਜਹਾਜ਼ ਰਹਿ ਜਾਣਗੇ, ਜਿਨ੍ਹਾਂ ਵਿੱਚ ਸਵਦੇਸ਼ੀ ਤੇਜਸ ਵੀ ਸ਼ਾਮਲ ਹੈ, ਜੋ ਮੱਠੀ ਰਫ਼ਤਾਰ ਉਤਪਾਦਨ ਦਰ ਤੋਂ ਪ੍ਰਭਾਵਿਤ ਹੈ ਅਤੇ ਇਸ ਕਾਰਨ ਸਕੁਐਡਰਨ ਤਾਕਤ ਘਟ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਮੌਜੂਦਾ ਜੰਗੀ ਜਹਾਜ਼ ਚਾਰ ਦਹਾਕਿਆਂ ਤੋਂ ਵੱਧ ਪੁਰਾਣੇ ਹਨ।
ਨਵੀਆਂ ਸ਼ਮੂਲੀਅਤਾਂ ਨਾਲ ਚੰਡੀਗੜ੍ਹ ਦੀ ਸਾਂਝ
ਹਾਲਾਂਕਿ ਬਾਕੀ ਬਚੇ ਹੋਏ ਮਿਗ-21 ਰਾਜਸਥਾਨ ਦੇ ਨਲ ਏਅਰਬੇਸ 'ਤੇ ਸਥਿਤ ਹਨ, ਪਰ ਇਨ੍ਹਾਂ ਦੀ ਪੜਾਅਵਾਰ ਸੇਵਾ-ਮੁਕਤੀ ਦਾ ਸਮਾਰੋਹ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ 'ਤੇ ਹੋਣ ਦੀ ਉਮੀਦ ਹੈ, ਜਿੱਥੇ ਇਨ੍ਹਾਂ ਜਹਾਜ਼ਾਂ ਨੂੰ 1963 ਵਿੱਚ 28 ਨੰਬਰ ਸਕੁਐਡਰਨ 'ਦ ਫਸਟ ਸੁਪਰਸੋਨਿਕਸ' (‘The First Supersonics’) ਨਾਲ ਸੇਵਾ ਵਿੱਚ ਸ਼ਾਮਲ ਕੀਤਾ ਗਿਆ ਸੀ। ਉਦੋਂ ਇਨ੍ਹਾਂ ਦੀ ਕਮਾਨ ਵਿੰਗ ਕਮਾਂਡਰ ਦਿਲਬਾਗ ਸਿੰਘ ਨੇ ਸੰਭਾਲੀ ਸੀ, ਜੋ ਬਾਅਦ ਵਿੱਚ ਏਅਰ ਸਟਾਫ ਦੇ ਮੁਖੀ ਬਣੇ ਸਨ।
ਚੰਡੀਗੜ੍ਹ ਏਅਰਬੇਸ, ਜੋ ਕਿ ਵਰਤਮਾਨ ਵਿੱਚ ਇੱਕ ਲੌਜਿਸਟਿਕਸ ਹੱਬ ਹੈ, ਜਿਥੇ ਦਰਮਿਆਨੇ ਤੋਂ ਭਾਰੀ ਟਰਾਂਸਪੋਰਟ ਹਵਾਈ ਜਹਾਜ਼ ਤੇ ਹੈਲੀਕਾਪਟਰ ਸਥਿਤ ਹਨ, ਜਿਵੇਂ AN-32, IL-76, Mi-26 ਚਿਨੂਕ ਅਤੇ C-17 ਦੀਆਂ ਡਿਟੈਚਮੈਂਟਾਂ। ਇਹ ਹਵਾਈ ਅੱਡਾ ਪਹਿਲਾਂ ਵੀ MiG-21, AN-12, Mi-26, IL-76 ਅਤੇ ਚਿਨੂਕ ਸਮੇਤ ਕਈ ਜਹਾਜ਼ਾਂ ਨੂੰ ਸੇਵਾ ਵਿਚ ਸ਼ਾਮਲ ਕੀਤੇ ਜਾਣ ਦੇ ਪਲਾਂ ਦਾ ਗਵਾਹ ਬਣ ਚੁੱਕਾ ਹੈ।
ਇਹ ਵਿਸ਼ਾਲ ਬੇਸ 2000ਵਿਆਂ ਦੇ ਸ਼ੁਰੂ ਤੱਕ ਲੜਾਕੂ ਸਕੁਐਡਰਨ ਦਾ ਵੀ ਟਿਕਾਣਾ ਸੀ। ਨੰਬਰ 21 ਸਕੁਐਡਰਨ 'ਅੰਕੁਸ਼', ਜੋ ਕਿ ਮਿਗ-21 ਨਾਲ ਲੈਸ ਸੀ, ਹਰਿਆਣਾ ਦੇ ਸਿਰਸਾ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਚੰਡੀਗੜ੍ਹ ਤੋਂ ਕੰਮ ਕਰਨ ਵਾਲੀ ਆਖਰੀ ਜੰਗੀ ਇਕਾਈ ਸੀ।
ਭਾਰਤੀ ਹਵਾਈ ਸੈਨਾ ਵੱਲੋਂ 700 ਤੋਂ ਵੱਧ ਮਿਗ-21 ਖ਼ਰੀਦੇ ਗਏ ਸਨ, ਜੋ ਕਿ ਭਾਰਤ ਦੇ ਪਹਿਲੇ ਗੈਰ-ਪੱਛਮੀ ਲੜਾਕੂ ਜਹਾਜ਼ ਸਨ ਅਤੇ ਇਹ ਫ਼ੌਜ ਦੀ ਜੰਗੀ ਸਮਰੱਥਾ ਦੀ ਰੀੜ੍ਹ ਦੀ ਹੱਡੀ ਸਨ। ਬਹੁਤ ਸਾਰੇ ਮਿਗ-21 ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਔਰੋਨੌਟਿਕਸ ਲਿਮਟਿਡ (Hindustan Aeronautics Limited - HAL) ਵੱਲੋਂ ਲਾਇਸੈਂਸ ਤਹਿਤ-ਨਿਰਮਾਣ ਕੀਤੇ ਗਏ ਸਨ। ਹੁਣ ਇਹ ਸਰਕਾਰੀ ਅਦਾਰਾ ਤੇਜਸ ਦੇ ਉਤਪਾਦਨ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ।
ਮਿਗ-21 ਦੇ ਬਾਕੀ ਦੋ ਸਕੁਐਡਰਨ ਨੰਬਰ 3 ਸਕੁਐਡਰਨ 'ਕੋਬਰਾ' ਅਤੇ ਨੰਬਰ 23 ਸਕੁਐਡਰਨ 'ਪੈਂਥਰ' ਹਨ, ਜੋ ਬਾਈਸਨ ਸੰਸਕਰਣ ਦਾ ਸੰਚਾਲਨ ਕਰਦੇ ਹਨ। ਇਨ੍ਹਾਂ ਨੂੰ 1990 ਦੇ ਦਹਾਕੇ ਦੇ ਅਖੀਰ ਵਿੱਚ ਉੱਨਤ ਐਵੀਓਨਿਕਸ ਅਤੇ ਹਥਿਆਰਾਂ ਨਾਲ ਅਪਗ੍ਰੇਡ ਕੀਤਾ ਗਿਆ ਸੀ। ‘ਕੋਬਰਾ’ ਅਜਿਹੀ ਪਹਿਲੀ ਸਕੁਐਡਰਨ ਸੀ ਜਿਸ ਨੂੰ ਬਾਈਸਨ ਮਿਲਿਆ ਸੀ ਤੇ ਇਹ ਉਸ ਸਮੇਂ ਅੰਬਾਲਾ ਵਿੱਚ ਤਾਇਨਾਤ ਸਨ।
ਘਟਦੀ ਜਾ ਰਹੀ ਹੈ ਸਕੁਐਡਰਨ ਤਾਕਤ
ਆਈਏਐਫ ਕੋਲ ਆਪਣੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ 42 ਜੰਗੀ ਸਕੁਐਡਰਨਾਂ ਦੀ ਮਨਜ਼ੂਰਸ਼ੁਦਾ ਤਾਕਤ ਹੈ, ਪਰ ਆਖਰੀ ਮਿਗ-21 ਦੇ ਚਲੇ ਜਾਣ ਨਾਲ, ਇਹ ਘੱਟ ਕੇ ਮਹਿਜ਼ 29 ਰਹਿ ਜਾਵੇਗੀ। ਪਿਛਲੇ ਦੋ ਦਹਾਕਿਆਂ ਦੌਰਾਨ ਮਿਗ-21, ਮਿਗ-23 ਅਤੇ ਮਿਗ-27 ਵਰਗੇ ਕਈ ਜਹਾਜ਼ਾਂ ਦੀਆਂ ਕਿਸਮਾਂ ਨੂੰ ਪੜਾਅਵਾਰ ਖਤਮ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਸਕੁਐਡਰਨ ‘ਨੰਬਰ-ਪਲੇਟੇਡ’ ਹਨ, ਯਾਨੀ ਹੁਣ ਉਨ੍ਹਾਂ ਦੀ ਹੋਂਦ ਆਰਕਾਈਵ ਕਰ ਦਿੱਤੇ ਗਏ ਅਧਿਕਾਰਤ ਰਿਕਾਰਡਾਂ ਤੋਂ ਬਿਨਾਂ ਹੋਰ ਕਿਤੇ ਮੌਜੂਦ ਨਹੀਂ ਹੈ।
ਹਾਲ ਹੀ ਵਿਚ ਕੁਝ ਜੰਗੀ ਸਕੁਐਡਰਨ ਹਵਾਈ ਫ਼ੌਜ ਵਿਚ ਸ਼ਾਮਲ ਜ਼ਰੂਰ ਕੀਤੇ ਗਏ ਹਨ, ਪਰ ਉਨ੍ਹਾਂ ਦੀ ਦਰ ਸੇਵਾ-ਮੁਕਤ ਹੋਣ ਵਾਲੇ ਜਹਾਜ਼ਾਂ ਦੇ ਮੁਕਾਬਲੇ ਕਿਤੇ ਘੱਟ ਹੈ। ਐਂਗਲੋ-ਫਰੈਂਚ ਜੈਗੁਆਰ, ਫਰੈਂਚ ਮਿਰਾਜ-2000 ਅਤੇ ਰੂਸੀ ਮਿਗ-29 ਵਰਗੇ ਜਹਾਜ਼ ਹੁਣ ਆਪਣੇ ਤਕਨੀਕੀ ਜੀਵਨ ਦੇ ਅੰਤ ਦੇ ਕਰੀਬ ਢੁੱਕ ਰਹੇ ਹਨ। ਇਹ ਪਹਿਲਾਂ ਹੀ ਮੱਧ-ਜੀਵਨ ਅੱਪਗ੍ਰੇਡ ਅਤੇ ਜੀਵਨ ਵਿਸਤਾਰ ਦੇ ਪੜਾਵਾਂ ਵਿੱਚੋਂ ਲੰਘ ਚੁੱਕੇ ਹਨ। ਭਾਰਤੀ ਹਵਾਈ ਫ਼ੌਜ ਕੋਲ ਫਰੈਂਚ ਰਾਫੇਲ ਅਤੇ ਨਾਲ ਹੀ ਐਚਏਐਲ ਤੇਜਸ ਹੀ ਦੋ ਨਵੇਂ ਜਹਾਜ਼ ਹਨ, ਪਰ ਇਹ ਰੂਸੀ ਐਸਯੂ-57, ਅਮਰੀਕੀ ਐਫ-35 ਅਤੇ ਚੀਨ ਦੇ ਜੇ-20 ਵਰਗੇ ਹੋਰ ਸਮਕਾਲੀ ਜਹਾਜ਼ਾਂ ਤੋਂ ਇੱਕ ਪੀੜ੍ਹੀ ਪਿੱਛੇ ਹਨ। ਇਨ੍ਹਾਂ ਵਿਚੋਂ ਤੇਜਸ, ਸੇਵਾ-ਮੁਕਤ ਹੋ ਰਹੇ ਮਿਗ-21 ਦਾ ਬਦਲ ਹਨ।
ਭਾਰਤੀ ਹਵਾਈ ਸੈਨਾ ਦੇ ਲੜਾਕੂ ਬੇੜੇ ਦੀ ਮੌਜੂਦਾ ਤਾਕਤ ਲਗਭਗ 650 ਹੈ। ਮਾਹਿਰਾਂ ਦੇ ਅਨੁਸਾਰ, ਭਾਰਤੀ ਹਵਾਈ ਸੈਨਾ ਦੇ ਬੇੜੇ ਦਾ ਸਿਰਫ਼ 15 ਫ਼ੀਸਦੀ ਹਿੱਸਾ ਹੀ 10 ਸਾਲ ਤੋਂ ਘੱਟ ਪੁਰਾਣਾ ਹੈ, ਜਿਸ ਵਿੱਚ ਰਾਫੇਲ ਅਤੇ ਤੇਜਸ ਸ਼ਾਮਲ ਹਨ। ਕਰੀਬ 50-60 ਫ਼ੀਸਦੀ ਹਿੱਸਾ ਮੱਧ-ਉਮਰ ਵਰਗ ਵਿੱਚ ਆਉਂਦਾ ਹੈ, ਜਿਸ ਵਿੱਚ ਮੁੱਖ ਤੌਰ 'ਤੇ SU-30 ਸ਼ਾਮਲ ਹਨ, ਮਤਲਬ ਜੋ 15-25 ਸਾਲ ਪੁਰਾਣਾ ਹੈ। ਜਦੋਂਕਿ ਜੈਗੁਆਰ, ਮਿਰਾਜ 2000 ਅਤੇ ਮਿਗ-29 ਦਾ ਬਾਕੀ ਬੇੜਾ 35 ਸਾਲ ਤੋਂ ਵੱਧ ਉਮਰ ਵਾਲਾ ਹੈ ਅਤੇ ਪੁਰਾਣੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਜੈਗੁਆਰ 1979 ਵਿੱਚ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਕੀਤੇ ਗਏ ਸਨ। ਇਸ ਤੋਂ ਬਾਅਦ ਮਿਰਾਜ-2000 ਅਤੇ ਮਿਗ-29 ਨੂੰ 1980ਵਿਆਂ ਦੇ ਮੱਧ ਵਿੱਚ ਸ਼ਾਮਲ ਕੀਤਾ ਗਿਆ ਸੀ। ਸੁਖੋਈ ਨੇ 2002 ਵਿੱਚ ਸੇਵਾ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ ਸੀ ਅਤੇ ਇਨ੍ਹਾਂ ਦਾ ਕੁਝ ਸੀਮਤ ਉਤਪਾਦਨ ਅਜੇ ਵੀ HAL ਵਿੱਚ ਚੱਲ ਰਿਹਾ ਹੈ। ਰਾਫੇਲ ਨੂੰ 2020 ਵਿੱਚ ਸ਼ਾਮਲ ਕੀਤਾ ਗਿਆ ਸੀ। ਤੇਜਸ ਦੀ ਸੀਮਤ ਗਿਣਤੀ ਪਹਿਲੀ ਵਾਰ 2016 ਵਿੱਚ ਸੇਵਾ ਵਿੱਚ ਸ਼ਾਮਲ ਹੋਈ ਸੀ ਅਤੇ IAF ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ HAL ਵੱਲੋਂ ਇਸ ਦੇ ਲੜੀਵਾਰ ਉਤਪਾਦਨ ਵੱਲੋਂ ਰਫ਼ਤਾਰ ਫੜਨਾ ਅਜੇ ਬਾਕੀ ਹੈ।
ਹੈਲੀਕਾਪਟਰ ਅਤੇ ਟਰਾਂਸਪੋਰਟ ਜਹਾਜ਼
ਜੰਗੀ ਜਹਾਜ਼ਾਂ ਤੋਂ ਇਲਾਵਾ, IAF ਦਾ ਟਰਾਂਸਪੋਰਟ ਅਤੇ ਹੈਲੀਕਾਪਟਰ ਬੇੜਾ ਵੀ ਪੁਰਾਣਾ ਹੋ ਰਿਹਾ ਹੈ। ਸੋਵੀਅਤ ਮੂਲ ਦੇ AN-32s ਅਤੇ IL-76s, ਜੋ ਕਿ ਏਅਰਲਿਫਟ ਸਮਰੱਥਾ ਦਾ ਵੱਡਾ ਹਿੱਸਾ ਹਨ, ਨੂੰ 1980ਵਿਆਂ ਦੇ ਮੱਧ ਵਿੱਚ ਸ਼ਾਮਲ ਕੀਤਾ ਗਿਆ ਸੀ। ਇੱਥੋਂ ਤੱਕ ਕਿ ਹਲਕੇ ਹੈਲੀਕਾਪਟਰ ਚੇਤਕ ਅਤੇ ਚੀਤਾ ਵੀ ਆਪਣੀ ਤਕਨੀਕੀ ਉਮਰ ਦੇ ਅੰਤ 'ਤੇ ਹਨ। ਇਨ੍ਹਾਂ ਨੂੰ 1960 ਦੇ ਦਹਾਕੇ ’ਚ ਸ਼ਾਮਲ ਕੀਤਾ ਗਿਆ ਸੀ।
IAF ਵਿੱਚ ਉੱਡਣ ਵਾਲਾ ਸਭ ਤੋਂ ਪੁਰਾਣਾ ਜਹਾਜ਼ ਹਾਕਰ ਸਿਡਲੇ HS 748 (Hawker Siddeley HS 748) ਹੈ, ਜਿਸਨੂੰ ਐਵਰੋ ਵੀ ਕਿਹਾ ਜਾਂਦਾ ਹੈ। ਇਹ ਇੱਕ ਟ੍ਰਾਂਸਪੋਰਟ ਏਅਰਕ੍ਰਾਫਟ ਹੈ ਜਿਸਨੂੰ 1961 ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਨੂੰ ਸੰਚਾਰ ਤੇ ਨੈਵੀਗੇਸ਼ਨ ਸਿਖਲਾਈ ਲਈ ਵਰਤਿਆ ਜਾਂਦਾ ਹੈ।
ਰਣਨੀਤਕ ਏਅਰਲਿਫਟਰ C-17 ਗਲੋਬਮਾਸਟਰ ਨੂੰ 2013 ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ C-295 ਮੀਡੀਅਮ ਟੈਕਟੀਕਲ ਏਅਰਲਿਫਟਰ 2023 ਵਿੱਚ IAF ਸੇਵਾ ਵਿੱਚ ਦਾਖਲ ਹੋਣਾ ਸ਼ੁਰੂ ਹੋਇਆ ਸੀ। ਇਸ ਨੂੰ ਭਾਰਤ ਵਿੱਚ ਅਸੈਂਬਲ ਕੀਤਾ ਜਾ ਰਿਹਾ ਹੈ। ਇਹ IL-76 ਅਤੇ ਐਵਰੋ ਦੇ ਕੰਮਾਂ ਨੂੰ ਸੰਭਾਲ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ C-130 ਸੁਪਰ ਹਰਕੁਲੀਸ, ਇੱਕ ਮੀਡੀਅਮ ਲਿਫਟ ਟ੍ਰਾਂਸਪੋਰਟ ਏਅਰਕ੍ਰਾਫਟ ਜੋ 2011 ਵਿੱਚ IAF ਸੇਵਾ ਵਿੱਚ ਦਾਖਲ ਹੋਇਆ ਸੀ, ਦੁਨੀਆ ਵਿੱਚ ਸਭ ਤੋਂ ਲੰਬੇ ਨਿਰੰਤਰ ਉਤਪਾਦਨ ਵਾਲੇ ਜਹਾਜ਼ ਵਜੋਂ ਰਿਕਾਰਡ ਰੱਖਦਾ ਹੈ। ਇਹ ਪਹਿਲੀ ਵਾਰ 1956 ਵਿੱਚ ਅਮਰੀਕਾ ਵਿੱਚ ਪੇਸ਼ ਕੀਤਾ ਗਿਆ ਤੇ ਇਸ ਦਾ ਨਿਰਮਾਣ ਅਜੇ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲਾ ਜਹਾਜ਼ ਬੋਇੰਗ B-52 ਰਣਨੀਤਕ ਪਰਮਾਣੂ ਬੰਬਾਰ ਹੈ ਜੋ 1952 ਵਿੱਚ ਅਮਰੀਕੀ ਹਵਾਈ ਸੈਨਾ ’ਚ ਸੇਵਾ ਵਿੱਚ ਦਾਖਲ ਹੋਇਆ ਸੀ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਉਂਝ ਇਸ ਦਾ ਉਤਪਾਦਨ 1962 ਵਿੱਚ ਬੰਦ ਹੋ ਗਿਆ ਸੀ।