ਮਾਹਿਰਾਂ ਵੱਲੋਂ ਊਰਜਾ ਪ੍ਰਬੰਧਨ ’ਤੇ ਚਰਚਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੂਨ
ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਬਿਊਰੋ ਆਫ ਐਨਰਜੀ ਐਫਿਸ਼ੈਂਸੀ (ਬੀਈਈ) ਨੇ ਚੰਡੀਗੜ੍ਹ ਦੇ ਊਰਜਾ ਪ੍ਰਬੰਧਨ ਸੈੱਲ ਦੇ ਸਹਿਯੋਗ ਨਾਲ ਦੋ ਰੋਜ਼ਾ ਖੇਤਰੀ ਵਰਕਸ਼ਾਪ ਕਰਵਾਈ। ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਰਾਜਸਥਾਨ ਅਤੇ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਬਾਰੇ ਬੀਈਈ ਦੇ ਨਿਰਦੇਸ਼ਕ ਪੀ ਸਮਲ ਨੇ ਕਿਹਾ ਕਿ ਈਸੀਐੱਸਬੀਸੀ ਦੀ ਵਰਤੋਂ ਕਰ ਕੇ ਨਵੀਂ ਇਮਾਰਤ ਦੀ ਉਸਾਰੀ ਸਮੇਂ 35 ਫ਼ੀਸਦ ਤੱਕ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਊਰਜਾ ਪ੍ਰਬੰਧਨ ਦੀ ਵਧੇਰੇ ਲੋੜ ਹੈ। ਇਸ ਲਈ ਸਾਰਿਆਂ ਨੂੰ ਇਸ ਤਕਨੀਕ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਚੰਡੀਗੜ੍ਹ ਦੇ ਚੀਫ਼ ਇੰਜਨੀਅਰ ਸੀਬੀ ਓਝਾ ਨੇ ਊਰਜਾ ਪ੍ਰਬੰਧਨ ਲਈ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਾਰਿਆਂ ਨੂੰ ਊਰਜਾ ਪ੍ਰਬੰਧਨ ਲਈ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ ਮਾਹਿਰਾਂ ਨੇ ਵਿਚਾਰ ਸਾਂਝੇ ਕੀਤੇ।