ਸਰਕਾਰੀ ਕੰਨਿਆ ਸਕੂਲ ਸੋਹਾਣਾ ਦਾ ਸ਼ਾਨਦਾਰ ਨਤੀਜਾ
ਮੁਹਾਲੀ: ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ (ਮੁਹਾਲੀ) ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਪ੍ਰਿੰਸੀਪਲ ਹਿਮਾਂਸ਼ੂ ਢੰਡ ਨੇ ਦੱਸਿਆ ਕਿ ਕਾਮਰਸ ਗਰੁੱਪ ਦੀ ਵਿਦਿਆਰਥਣ ਜਸਨੀਤ ਕੌਰ ਨੇ ਪਹਿਲਾ, ਹਿਊਮੈਨਟੀਜ਼ ਗਰੁੱਪ ਦੀ ਕੋਮਲਪ੍ਰੀਤ ਕੌਰ ਨੇ ਦੂਜਾ ਜਦਕਿ ਪ੍ਰਿਆ ਮੁਸਕਾਨ ਅਤੇ ਭਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਸੁਖਪ੍ਰੀਤ ਕੌਰ ਨੇ ਬਿਜ਼ਨਸ ਸਟੱਡੀਜ਼ ਵਿੱਚ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਮੀਡੀਆ ਇੰਚਾਰਜ ਸੁਧਾ ਜੈਨ ਨੇ ਦੱਸਿਆ ਕਿ ਅੱਜ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਹੋਣਹਾਰ ਵਿਦਿਆਰਥਣਾਂ ਨੂੰ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਸਰਕਲ ਹੈੱਡ ਸੋਮ ਸ਼ਿਵਗੋਤਰਾ ਅਤੇ ਐਮਕੇ ਭਾਰਦਵਾਜ ਨੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ। -ਪੱਤਰ ਪ੍ਰੇਰਕ
ਗੁਰਤੀਰਥ ਡਾਇਗਨੋਸਟਿਕ ਸੈਂਟਰ ਦੀ ਵਰ੍ਹੇਗੰਢ ਮਨਾਈ
ਫ਼ਤਹਿਗੜ੍ਹ ਸਾਹਿਬ: ਗੁਰਤੀਰਥ ਡਾਇਗਨੋਸਟਿਕ ਸੈਟਰ ਸਰਹਿੰਦ ਨੇ ਆਪਣੀ 15ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਸੈਟਰ ਦੇ ਇੰਚਾਰਜ ਡਾ. ਗੁਰਸ਼ਰਨ ਸਿੰਘ
ਐੱਮਡੀ ਨੇ ਕਿਹਾ ਕਿ 15 ਸਾਲ ਪਹਿਲਾਂ ਇਹ ਸੈਂਟਰ ਸਰਹਿੰਦ ਵਿਚ ਖੋਲ੍ਹਿਆ ਗਿਆ ਕਿਉਂਕਿ ਉਸ ਸਮੇਂ ਜ਼ਿਲ੍ਹੇ ਵਿਚ ਕੋਈ ਡਾਇਗਨੋਸਟਿਕ ਸੈਟਰ ਦੀ ਸਹੂਲਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਹ ਸੈਟਰ ਖੋਲ੍ਹਣ ਵਿਚ ਪਿਤਾ ਅੱਛਰਾ ਸਿੰਘ (ਮਰਹੂਮ) ਅਤੇ ਮਾਤਾ ਸੁਰਿੰਦਰ ਕੌਰ ਤੋਂ ਇਲਾਵਾ ਪਤਨੀ ਡਾ. ਤੀਰਥ ਬਾਲਾ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਸੈਂਟਰ ਵਲੋਂ ਲੋਕਾਂ ਨੂੰ ਮਿਆਰੀ ਸਹੂਲਤਾਂ ਜਾਰੀ ਰਖਣ ਦਾ ਵੀ ਭਰੋਸਾ ਦਿੱਤਾ। -ਨਿੱਜੀ ਪੱਤਰ ਪ੍ਰੇਰਕ
ਯੂਨੀਵਰਸਿਟੀ ਸਕੂਲ ਆਫ਼ ਲਾਅ ’ਚ ਵਿਸ਼ੇਸ਼ ਭਾਸ਼ਣ
ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਨੇ ‘ਕਾਨੂੰਨ ਵਿੱਚ ਪੇਸ਼ੇਵਰ
ਨੈਤਿਕਤਾ ਅਤੇ ਵਕੀਲਾਂ ਦੀ ਜ਼ਿੰਮੇਵਾਰੀ’ ਵਿਸ਼ੇ ’ਤੇ ਵਿਚਾਰ-ਉਕਸਾਊ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਮੁੱਖ-ਮਹਿਮਾਨ ਬਾਰ ਕੌਂਸਲ ਦੇ ਚੇਅਰਮੈਨ ਰਾਕੇਸ਼ ਗੁਪਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਭਵਿੱਖ ਦੇ ਵਕੀਲ ਹੋਣ ਦੇ ਨਾਤੇ, ਵਿਦਿਆਰਥੀਆਂ ਨੂੰ ਕਾਨੂੰਨੀ ਪ੍ਰਣਾਲੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਡਾ. ਪ੍ਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ, ਐਡਵੋਕੇਟ ਸਿਮਰਨਜੋਤ ਕੌਰ, ਐਡਵੋਕੇਟ ਜਸਲੀਨ ਕੌਰ, ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਮੁਖੀ ਤੇ ਡੀਨ ਅਤੇ ਪ੍ਰੋ. ਡਾ. ਅਮਿਤਾ ਕੌਸ਼ਲ ਨੇ ਸੰਬੋਧਨ ਕੀਤਾ। -ਨਿੱਜੀ ਪੱਤਰ ਪ੍ਰੇਰਕ
ਸਕੂਲ ਆਫ ਐਮੀਨੈਂਸ ਦੀ ਸੁਆਨੀ ਦਾ ਸਨਮਾਨ
ਬਨੂੜ: ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਆਫ਼ ਐਮੀਨੈਂਸ ਬਨੂੜ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਆਨੀ ਨੇ ਪੰਜਾਬੀ ਵਿਸ਼ੇ ਵਿੱਚੋਂ
100/100 ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੀ ਪ੍ਰਿੰਸੀਪਲ ਅਨੀਤਾ ਭਾਰਦਵਾਜ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੌਂਸਲਰ ਲਛਮਣ ਸਿੰਘ ਚੰਗੇਰਾ ਤੇ ਹੋਰਨਾਂ ਮੈਂਬਰਾਂ ਵੱਲੋਂ ਵਿਦਿਆਰਥਣ ਸੁਆਨੀ ਨੂੰ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪੰਜਾਬੀ ਲੈਕਚਰਾਰ ਮਨਪ੍ਰੀਤ ਕੌਰ ਨੂੰ ਸਿਰੋਪਾਓ ਭੇਟ ਗਿਆ। -ਪੱਤਰ ਪ੍ਰੇਰਕ