ਸਾਬਕਾ ਸੈਨਿਕਾਂ ਦੀ ਜਥੇਬੰਦੀ ਐਕਸ ਸਰਵਿਸ ਸੈੱਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ (ਸੇਵਾਮੁਕਤ) ਐੱਸਐੱਸ ਸੋਹੀ ਨੇ ਅੱਜ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਸੈਨਿਕਾਂ ਵੱਲੋਂ ਪੰਜਾਬ ਸਰਕਾਰ ਦੇ ਆਜ਼ਾਦੀ ਦਿਵਸ ਸਮਾਗਮਾਂ ਵਿੱਚ ਸ਼ਮੂਲੀਅਤ ਨਾ ਕਰਨ ਅਤੇ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪੰਜਾਬ ਪੁਲੀਸ ਵੱਲੋਂ ਮੌਜੂਦਾ ਅਤੇ ਸਾਬਕਾ ਫ਼ੌਜੀਆਂ ਨਾਲ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਦੁਰਵਿਹਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਲਿਆ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿੱਚ ਅਬਦੁਲ ਸਿਤਾਰ ਨਾਮ ਦੇ ਜਵਾਨ ਨੂੰ ਅਸਰਰਸੂਖ ਵਾਲਿਆਂ ਵੱਲੋਂ ਕੁੱਟਿਆ ਗਿਆ ਅਤੇ ਇਸ ਮਾਮਲੇ ਵਿੱਚ ਸਥਾਨਕ ਪੁਲੀਸ ਨੇ ਪੂਰੀ ਕਾਰਵਾਈ ਨਹੀਂ ਕੀਤੀ। ਐੱਸਐੱਸਪੀ ਦੇ ਮਾਮਲਾ ਧਿਆਨ ਵਿੱਚ ਲਿਆਉਣ ਉਪਰੰਤ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਪੁਲੀਸ ਵੱਲੋਂ ਜੋ ਕੀਤਾ ਗਿਆ, ਉਹ ਸਾਰਿਆਂ ਦੇ ਸਾਹਮਣੇ ਹੈ।
ਉਨ੍ਹਾਂ ਕਿਹਾ ਕਿ ਕਰਨਲ ਬਾਠ ਦਾ ਪਰਿਵਾਰ ਮੁੱਖ ਮੰਤਰੀ ਨੂੰ ਵੀ ਮਿਲਿਆ ਪਰ ਕਿਸੇ ਨੇ ਵੀ ਇਨਸਾਫ਼ ਨਾ ਦਿੱਤਾ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਪੰਜਾਬ ਪੁਲੀਸ ਅਤੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਪ੍ਰਤੀ ਸਾਬਕਾ ਸੈਨਿਕਾਂ ਵਿੱਚ ਰੋਸ ਹੈ ਅਤੇ ਸਾਬਕਾ ਸੈਨਿਕਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਲਈ 15 ਅਗਸਤ ਦੇ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕ ਆਪਣੇ ਪੱਧਰ ’ਤੇ ਆਜ਼ਾਦੀ ਦਿਹਾੜਾ ਮਨਾਉਣਗੇ ਅਤੇ ਪੰਜਾਬ ਦੇ ਰਾਜਪਾਲ ਦੇ ਐਟ ਹੋਮ ਸਮਾਰੋਹ ਵਿੱਚ ਵੀ ਸ਼ਮੂਲੀਅਤ ਕਰਨਗੇ ਪਰ ਸਰਕਾਰੀ ਸਮਾਰੋਹ ਵਿੱਚ ਹਿੱਸਾ ਨਹੀਂ ਲੈਣਗੇ। ਇਸ ਮੌਕੇ ਵੱਡੀ ਗਿਣਤੀ ਸਾਬਕਾ ਸੈਨਿਕ ਹਾਜ਼ਰ ਸਨ।