ਮੀਂਹ ਮਗਰੋਂ ਵੀ ਚੰਡੀਗੜ੍ਹੀਆਂ ਨੂੰ ਹੁੰਮਸ ਭਰੀ ਗਰਮੀ ਤੋਂ ਨਾ ਮਿਲੀ ਰਾਹਤ
ਆਤਿਸ਼ ਗੁਪਤਾ
ਚੰਡੀਗੜ੍ਹ, 6 ਜੁਲਾਈ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਤੜਕੇ ਤੋਂ ਪੈ ਰਹੇ ਮੀਂਹ ਦੇ ਬਾਵਜੂਦ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਮੀਂਹ ਦੇ ਬਾਵਜੂਦ ਗਰਮੀ ਤੋਂ ਰਾਹਤ ਨਹੀਂ ਮਿਲ ਸਕਦੀ ਹੈ। ਅੱਜ ਸ਼ਹਿਰ ਵਿੱਚ ਤੜਕੇ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਕਿ ਹੌਲੀ-ਹੌਲੀ ਦੁਪਹਿਰੇ 12 ਵਜੇ ਤੱਕ ਪੈਂਦਾ ਰਿਹਾ ਹੈ। ਇਸ ਦੌਰਾਨ ਤਾਪਮਾਨ ਵਿੱਚ ਇਕ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਤੋਂ ਬਾਅਦ ਨਿਕਲੀ ਧੁੱਪ ਕਰਕੇ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ ਹੈ, ਜਿਸ ਨੇ ਲੋਕਾਂ ਦੇ ਪਸੀਨੇ ਛੁਡਾਏ ਰੱਖੇ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ 3.7 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 1.1 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਉਹ ਆਮ ਨਾਲੋਂ 1.2 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਹੈ। ਦੂਜੇ ਪਾਸੇ ਅੱਜ ਸ਼ਹਿਰ ਦੇ ਮੌਸਮ ਵਿੱਚ ਨਮੀ ਦਾ ਪੱਧਰ 70 ਫ਼ੀਸਦ ਤੋਂ 89 ਫ਼ੀਸਦ ਤੱਕ ਦਰਜ ਕੀਤਾ ਗਿਆ ਹੈ। ਇਸ ਦੌਰਾਨ ਹੁੰਮਸ ਭਰੀ ਗਰਮੀ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਚੰਡੀਗੜ੍ਹ ਵਿੱਚ ਸਵੇਰ ਤੋਂ ਪੈ ਰਹੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੈਲਾਨੀ ਸੁਖਨਾ ਝੀਲ ’ਤੇ ਪਹੁੰਚੇ ਹੋਏ ਸਨ। ਇਸੇ ਤਰ੍ਹਾਂ ਸੁਖਨਾ ਝੀਲ ਦੇ ਨਾਲ ਰੌਕ ਗਾਰਡਨ, ਰੋਜ਼ ਗਾਰਡਨ, ਬਰਡ ਪਾਰਕ ਸਣੇ ਸ਼ਹਿਰ ਵਿੱਚ ਹੋਰ ਘੁੰਮਣ ਵਾਲੀਆਂ ਥਾਵਾਂ ’ਤੇ ਵੀ ਸਾਰਾ ਦਿਨ ਸੈਲਾਨੀਆਂ ਦੀ ਭੀੜ ਲੱਗੀ ਰਹੀ।