ਬੱਚਿਆਂ ਲਈ ਲਿਫ਼ਾਫੇ ਬਣਾਉਣ ਦੀ ਸਿਖਲਾਈ ਵਰਕਸ਼ਾਪ ਸ਼ੁਰੂ
ਪੱਤਰ ਪ੍ਰੇਰਕ ਚੰਡੀਗੜ੍ਹ, 10 ਜੁਲਾਈ ਪਲਾਸਟਿਕ ਨੂੰ ਨਾਂਹ ਕਹਿਣ ਅਤੇ ਵਾਤਾਵਰਣ ਅਨੁਕੂਲ ਵਿਕਲਪਾਂ ਦੀ ਚੋਣ ਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਨਗਰ ਨਿਗਮ ਚੰਡੀਗੜ੍ਹ ਨੇ ‘ਪਲਾਸਟਿਕ ਮੁਕਤ ਚੰਡੀਗੜ੍ਹ’ ਮੁਹਿੰਮ ਤਹਿਤ ਸ਼ਹਿਰ ਦੇ ਸਕੂਲਾਂ ਵਿੱਚ ਇੱਕ ਵਿਸ਼ੇਸ਼ ਪੰਜ-ਰੋਜ਼ਾ ਵਰਕਸ਼ਾਪ ਲੜੀ ਸ਼ੁਰੂ ਕੀਤੀ...
ਪੱਤਰ ਪ੍ਰੇਰਕ
ਚੰਡੀਗੜ੍ਹ, 10 ਜੁਲਾਈ
ਪਲਾਸਟਿਕ ਨੂੰ ਨਾਂਹ ਕਹਿਣ ਅਤੇ ਵਾਤਾਵਰਣ ਅਨੁਕੂਲ ਵਿਕਲਪਾਂ ਦੀ ਚੋਣ ਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਨਗਰ ਨਿਗਮ ਚੰਡੀਗੜ੍ਹ ਨੇ ‘ਪਲਾਸਟਿਕ ਮੁਕਤ ਚੰਡੀਗੜ੍ਹ’ ਮੁਹਿੰਮ ਤਹਿਤ ਸ਼ਹਿਰ ਦੇ ਸਕੂਲਾਂ ਵਿੱਚ ਇੱਕ ਵਿਸ਼ੇਸ਼ ਪੰਜ-ਰੋਜ਼ਾ ਵਰਕਸ਼ਾਪ ਲੜੀ ਸ਼ੁਰੂ ਕੀਤੀ ਹੈ।
ਪਹਿਲੀ ਵਰਕਸ਼ਾਪ ਅੱਜ ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ 38-ਬੀ ਵਿਖੇ ਇੱਕ ਫਾਊਂਡੇਸ਼ਨ ਦੇ ਸਹਿਯੋਗ ਨਾਲ਼ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਪੁਰਾਣੇ ਅਖ਼ਬਾਰਾਂ ਅਤੇ ਕਾਗਜ਼ ਦੀ ਮੁੜ ਵਰਤੋਂ ਕਰਕੇ ਕਾਗਜ਼ ਦੇ ਲਿਫ਼ਾਫੇ ਬਣਾਉਣੇ ਸਿੱਖੇ।
ਨਿਗਮ ਅਤੇ ਫਾਊਂਡੇਸ਼ਨ ਦੀ ਟੀਮ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਖਰੀਦਦਾਰੀ ਕਰਦੇ ਸਮੇਂ ਕਾਗਜ਼, ਕੱਪੜਾ ਜਾਂ ਜੂਟ ਦੇ ਬੈਗ ਚੁਣਨ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਦੇ ਨਾਲ ਹੀ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਸਾਫ਼-ਸੁਥਰੀ ਅਤੇ ਹਰੇ ਭਰੇ ਜੀਵਨ ਦਾ ਸੰਦੇਸ਼ ਫੈਲਾ ਕੇ ‘ਸਵੱਛਤਾ ਚੈਂਪੀਅਨ’ ਬਣਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਪਹਿਲਕਦਮੀ ਬਾਰੇ ਬੋਲਦਿਆਂ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਇਹ ਵਰਕਸ਼ਾਪਾਂ 10 ਜੁਲਾਈ ਤੋਂ 16 ਜੁਲਾਈ ਤੱਕ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਵਿੱਚ ‘ਵਿਸ਼ਵ ਪੇਪਰ ਬੈਗ ਦਿਵਸ’ ਮਨਾਉਣ ਲਈ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਸ਼ਾਪਾਂ ਦਾ ਮੁੱਖ ਉਦੇਸ਼ ਨੌਜਵਾਨ ਵਿਦਿਆਰਥੀਆਂ ਵਿੱਚ ਰਿਡਿਊਸ, ਰੀਯੂਜ਼ ਅਤੇ ਰੀ-ਸਾਈਕਲ (ਆਰ-ਆਰ-ਆਰ) ਦੀ ਆਦਤ ਨੂੰ ਉਤਸ਼ਾਹਿਤ ਕਰਨਾ ਹੈ।