ਯੂਟੀ ਕਰਮਚਾਰੀ ਅਤੇ ਵਰਕਰਜ਼ ਫੈਡਰੇਸ਼ਨ ਚੰਡੀਗੜ੍ਹ ਦੇ ਸੱਦੇ ’ਤੇ ਯੂਟੀ ਅਤੇ ਨਗਰ ਨਿਗਮ ਸਮੇਤ ਹੋਰ ਸੰਸਥਾਵਾਂ ਦੇ ਮੁਲਾਜ਼ਮਾਂ ਨੇ ਅੱਜ ਸੈਕਟਰ 17 ਸਥਿਤ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਦੇ ਕੇ ਪ੍ਰਸ਼ਾਸਨ ਅਤੇ ਨਿਗਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਫੈਡਰੇਸ਼ਨ ਦੇ ਪ੍ਰਧਾਨ ਰਾਜੇਂਦਰ ਕਟੋਚ ਦੀ ਪ੍ਰਧਾਨਗੀ ਅਤੇ ਜਨਰਲ ਸਕੱਤਰ ਹਰਕੇਸ਼ ਚੰਦ, ਸੰਯੁਕਤ ਸਕੱਤਰ ਬਿਹਾਰੀ ਲਾਲ ਵੱਲੋਂ ਸੰਚਾਲਿਤ ਇਸ ਧਰਨੇ ਵਿੱਚ ਨਿਗਮ ਦੇ ਬਾਗਬਾਨੀ, ਸੜਕਾਂ, ਬਿਜਲੀ, ਜਨਤਕ ਸਿਹਤ, ਐੱਮ.ਸੀ. ਮਨੀਮਾਜਰਾ, ਸਿਹਤ, ਕਜੌਲੀ ਵਾਟਰ ਵਰਕਸ, ਸੌਲਿਡ ਵੇਸਟ, ਬਿਜਲੀ, ਸਿਹਤ, ਆਵਾਜਾਈ, ਸਮਾਜ ਭਲਾਈ ਵਿਭਾਗ, ਆਈ ਸੀ ਸੀ ਡਬਲਿਊ, ਆਂਗਣਵਾੜੀ, ਸੈਕਟਰ 16 ਹਸਪਤਾਲ ਅਤੇ ਸਫ਼ਾਈ ਮੁਲਾਜ਼ਮਾਂ ਦੀਆਂ ਵੱਡੀ ਗਿਣਤੀ ਵਿੱਚ ਯੂਨੀਅਨਾਂ ਨੇ ਹਿੱਸਾ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਚੇਅਰਮੈਨ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਸਕੱਤਰ ਗੋਪਾਲ ਦੱਤ ਜੋਸ਼ੀ ਨੇ 19 ਨੁਕਾਤੀ ਮੰਗਾਂ ਨੂੰ ਉਭਾਰਿਆ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਤਨਖਾਹ ਕਮਿਸ਼ਨ ਰਿਪੋਰਟ ਲਾਗੂ ਕਰਨ ਅਤੇ ਬਕਾਏ ਅਤੇ ਡੀ ਸੀ ਰੇਟ ਬਕਾਏ ਦੇਣ ਵਿੱਚ ਅਸਫਲ ਰਹਿਣ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਵਿੱਚ 18,000 ਨਿਯਮਤ ਅਤੇ 19,000 ਤੋਂ ਵੱਧ ਅਸਥਾਈ ਕਰਮਚਾਰੀ ਕੰਮ ਕਰ ਰਹੇ ਹਨ ਪਰ ਪ੍ਰਸ਼ਾਸਨ ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ ਦੀ ਗਾਰੰਟੀ ਦੇਣ ਲਈ ਵੀ ਤਿਆਰ ਨਹੀਂ ਹੈ। ਇਹ ਸੰਵਿਧਾਨ ਅਤੇ ਉਮਾ ਦੇਵੀ ਬਨਾਮ ਕਰਨਾਟਕ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਸਾਰੇ ਅਸਥਾਈ ਮੁਲਾਜ਼ਮਾਂ ਨੂੰ ਸਥਾਈ ਕੀਤਾ ਜਾਵੇ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਉਦੋਂ ਤੱਕ ਲਾਗੂ ਕੀਤਾ ਜਾਵੇ ਜਦੋਂ ਤੱਕ ਉਨ੍ਹਾਂ ਦੀ ਪੁਸ਼ਟੀ ਨਹੀਂ ਹੋ ਜਾਂਦੀ। ਧਰਨੇ ਦੌਰਾਨ ਚੰਡੀਗੜ੍ਹ ਦੇ ਮੁੱਖ ਸਕੱਤਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਵੱਖਰੇ-ਵੱਖਰੇ ਮੰਗ ਪੱਤਰ ਸੌਂਪੇ ਗਏ। ਕਮਿਸ਼ਨਰ ਨੂੰ ਸੌਂਪੇ ਗਏ ਮੰਗ ਪੱਤਰਾਂ ਸਬੰਧੀ ਸਪੈਸ਼ਲ ਕਮਿਸ਼ਨਰ ਪ੍ਰਦੀਪ ਕੁਮਾਰ ਨਾਲ ਇੱਕ ਵਿਸਥਾਰਤ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਗਾਂ ਸਬੰਧੀ ਖੁੱਲ੍ਹ ਕੇ ਚਰਚਾ ਹੋਈ ਅਤੇ ਭਰੋਸਾ ਮਿਲਿਆ ਕਿ ਇਨ੍ਹਾਂ ਮੁੱਦਿਆਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ। ਫੈਡਰੇਸ਼ਨ ਪ੍ਰਧਾਨ ਰਾਜਿੰਦਰ ਕਟੋਚ ਨੇ ਮੰਗਾਂ ਪ੍ਰਤੀ ਪ੍ਰਸ਼ਾਸਨ ਦੇ ਰਵੱਈਏ ਦੀ ਨਿੰਦਾ ਕੀਤੀ ਅਤੇ ਬਦਲਾਖੋਰੀ ਕਾਰਨ ਬਰਖਾਸਤ ਕੀਤੇ ਗਏ ਕਰੈੱਚ ਵਰਕਰਾਂ ਅਤੇ ਹੈਲਪਰਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ।

