ਸਫ਼ਾਈ ਮੇਟ ਨੂੰ ਮੁੱਅਤਲ ਕਰਨ ਖ਼ਿਲਾਫ਼ ਮੁਲਾਜ਼ਮਾਂ ਦੀ ਹੜਤਾਲ
ਪੱਤਰ ਪ੍ਰੇਰਕ
ਅਮਲੋਹ, 7 ਜਲਾਈ
ਨਗਰ ਕੌਂਸਲ ਅਮਲੋਹ ਦੇ ਸਫ਼ਾਈ ਮੇਟ ਪਰਮਜੀਤ ਸਿੰਘ ਪੰਮੀ ਨੂੰ ਮੁੱਅਤਲ ਕਰਨ ਖ਼ਿਲਾਫ਼ ਕੌੌਂਸਲ ਦੇ ਸਫ਼ਾਈ ਕਰਮਚਾਰੀ ਹੜਤਾਲ ’ਤੇ ਹਨ। ਇਸ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ। ਸਫ਼ਾਈ ਮੁਲਾਜ਼ਮਾਂ ਨੇ ਅੱਜ ਧਰਨੇ ਦੌਰਾਨ ਐਲਾਨ ਕੀਤਾ ਕਿ ਮੇਟ ਪਰਮਜੀਤ ਸਿੰਘ ਪੰਮੀ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿਤੀ ਕਿ ਮੰਗਾਂ ਪ੍ਰਵਾਨ ਕੀਤੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਦੇਰੀ ਤੋਂ ਮੇਟ ਨੂੰ ਬਹਾਲ ਕਰਕੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸਫ਼ਾਈ ਮੁਲਾਜ਼ਮਾਂ ਨੂੰ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਉਹ ਆਪਣੀਆਂ ਸ਼ਰਤਾਂ ’ਤੇ ਬਜਿੱਦ ਹਨ, ਜਿਸ ਕਾਰਨ ਉਨ੍ਹਾਂ ਸਾਰਾ ਮਾਮਲਾ ਉਚਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।