ਮਈ ਦਿਵਸ ’ਤੇ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਮਾਗਮ
ਮੰਗਾਂ ਮਨਵਾਉਣ ਅਤੇ ਮਸਲਿਆਂ ਦੇ ਹੱਲ ਲਈ ਇੱਕ ਮੰਚ ’ਤੇ ਇਕੱਤਰ ਹੋਣ ’ਤੇ ਦਿੱਤਾ ਜ਼ੋਰ
ਹਰਜੀਤ ਸਿੰਘ
ਜ਼ੀਰਕਪੁਰ, 1 ਮਈ
ਨਗਰ ਕੌਂਸਲ ਦਫ਼ਤਰ ’ਚ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਮਜ਼ਦੂਰਾਂ ਦੀ ਨਿਘਰ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਜਥੇਬੰਦੀ ਨੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ। ਇਸ ਦੌਰਾਨ ਠੇਕੇਦਾਰੀ ਸਿਸਟਮ ਬੰਦ ਕਰ ਕੇ ਵਰਕਰਾਂ ਦੀ ਪੱਕੀ ਭਰਤੀ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਇੱਕ ਮੰਚ ’ਤੇ ਇਕੱਠਾ ਹੋਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਗ, ਸਫ਼ਾਈ ਕਰਮਚਾਰੀ ਪ੍ਰਧਾਨ ਪ੍ਰਦੀਪ ਕੁਮਾਰ ਸੂਦ, ਮੀਤ ਪ੍ਰਧਾਨ ਸੰਤਰੇਸ਼ ਆਦਿ ਮੌਜੂਦ ਸਨ।
ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਦੇ ਸੈਂਕੜੇ ਠੇਕਾ ਅਤੇ ਆਊਟਸੋਰਸਿੰਗ ਕਰਮਚਾਰੀਆਂ ਨੇ ਮੰਗਾਂ ਦੇ ਸਮਰਥਨ ਵਿੱਚ ਮਸਜਿਦ ਗਰਾਊਂਡ ਵਿੱਚ ਪ੍ਰਦਰਸ਼ਨ ਕੀਤਾ ਤੇ ਮਜ਼ਦੂਰ ਦਿਵਸ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਯੂਨੀਅਨਾਂ, ਫੈੱਡਰੇਸ਼ਨਾਂ ਅਤੇ ਟ੍ਰਾਈਸਿਟੀ ਦੇ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਦੇ ਰਾਜਪਾਲ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੰਗ ਪੱਤਰ ਭੇਜਿਆ। ਕਾਰਖਾਨਾ ਮਜ਼ਦੂਰ ਯੂਨੀਅਨ ਚੰਡੀਗੜ੍ਹ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ਼ ਹੱਲੋਮਾਜਰਾ ਵਿੱਚ ‘ਮਜ਼ਦੂਰ ਦਿਵਸ ਕਾਨਫਰੰਸ’ ਕੀਤੀ ਗਈ।
ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪਾਵਰਕੌਮ ਦੇ ਸਪੈਸ਼ਲ ਮੰਡਲ ਮੁਹਾਲੀ ਅਤੇ ਸਰਕਲ ਦਫ਼ਤਰ ਮੁਹਾਲੀ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ’ਤੇ ਝੰਡਾ ਲਹਿਰਾਇਆ ਗਿਆ ਅਤੇ ਨਿੱਜੀਕਰਨ ਦਾ ਵਿਰੋਧ ਕਰਦਿਆਂ ਸੂਬਾ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੀਐੱਸਈਬੀ ਐਂਪਲਾਈਜ਼ ਫੈੱਡਰੇਸ਼ਨ (ਏਟਕ) ਦੇ ਸਰਕਲ ਪ੍ਰਧਾਨ ਮੋਹਨ ਸਿੰਘ ਗਿੱਲ ਤੇ ਸੂਬਾ ਕਮੇਟੀ ਦੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਲਾਹੌਰੀਆ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਵੱਖ-ਵੱਖ ਸਬ-ਡਿਵੀਜ਼ਨਾਂ ਦੇ ਆਗੂਆਂ ਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਵੀ ਸ਼ਮੂਲੀਅਤ ਕੀਤੀ।
ਖਰੜ (ਸ਼ਸ਼ੀ ਪਾਲ ਜੈਨ): ਖਰੜ ਵਿੱਚ ਮਜ਼ਦੂਰ ਦਿਵਸ ਮਨਾਉਣ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਸਣੇ ਪਹਿਲਗਾਮ ਵਿੱਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਮੁਹਾਲੀ, ਗ਼ਦਰੀ ਬਾਬੇ ਵਿਚਾਰਧਾਰਕ ਮੰਚ, ਪੰਜਾਬ ਬਿਜਲੀ ਨਿਗਮ ਮੰਡਲ ਖਰੜ ਤੇ ਐੱਮਐੱਸਯੂ ਮੰਡਲ ਖਰੜ ਵੱਲੋਂ ਕਰਵਾਏ ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਬਡਾਲਾ, ਰਾਮ ਕਿਸ਼ਨ ਧੁਨਕੀਆ ਤੇ ਸੁਖਵਿੰਦਰ ਸਿੰਘ ਦੁਮਣਾ ਨੇ ਕੀਤੀ। ਤਰਲੋਚਨ ਸਿੰਘ, ਸਵਰਨਜੀਤ ਕੌਰ, ਮੰਗਤ ਖਾਨ, ਕਮਲਜੀਤ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਕਿਰਤੀਆਂ ਖ਼ਿਲਾਫ਼ ਭੁਗਤ ਰਿਹਾ ਹੈ।
ਲਾਲੜੂ (ਸਰਬਜੀਤ ਸਿੰਘ ਭੱਟੀ): ਮਈ ਦਿਵਸ ਮੌਕੇ ਪਾਵਰਕੌਮ ਮੰਡਲ ਲਾਲੜੂ ਤੇ ਜ਼ੀਰਕਪੁਰ ਅਧੀਨ ਆਉਂਦੇ ਸਾਰੇ ਉਪ ਮੰਡਲਾਂ, 66 ਕੇਵੀ ਸਬ-ਸਟੇਸ਼ਨਾਂ ਵਿੱਚ ਗੇਟਾਂ ਅੱਗੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਝੰਡੇ ਚੜ੍ਹਾਏ ਗਏ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਮੁਲਾਜ਼ਮ ਆਗੂ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਵੀ ਮੌਜੂਦ ਸਨ। ਮੁਲਾਜ਼ਮ ਆਗੂ ਬਲਬੀਰ ਸਿੰਘ, ਸਵਰਨ ਸਿੰਘ ਮਾਵੀ, ਮਹਿੰਦਰ ਸਿੰਘ ਸੈਣੀ, ਰਾਜੇਸ਼ ਕੁਮਾਰ ਰਾਣਾ, ਨਿਰਮਲ ਸਿੰਘ, ਨਰੇਸ਼ ਕੁਮਾਰ ਸੈਣੀ, ਕੁਲਵੰਤ ਸਿੰਘ ਸੈਣੀ ਨੇ ਸੰਬੋਧਨ ਕੀਤਾ।
ਬਨੂੜ (ਕਰਮਜੀਤ ਸਿੰਘ ਚਿੱਲਾ): ਨੇੜਲੇ ਪਿੰਡ ਮੁਠਿਆੜਾਂ ਵਿੱਚ ਸਰਪੰਚ ਸਵਰਨ ਸਿੰਘ ਦੀ ਅਗਵਾਈ ਹੇਠ ਪੰਚਾਇਤ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਿੰਦਰ ਸਿੰਘ ਰਾਜੂ ਅਤੇ ਸਤਪਾਲ ਸਿੰਘ ਸੱਤਾ ਸੂਰਜਗੜ੍ਹ ਨੇ ਮਜ਼ਦੂਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਮਨਰੇਗਾ ਕਾਮਿਆਂ ਨੂੰ ਲੱਡੂ ਵੰਡੇ ਗਏ। ਸਮਾਗਮ ਵਿੱਚ ਜਸਪਾਲ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਕਵਿਤਾ ਰਾਣੀ ਤੇ ਮਨਰੇਗਾ ਦੀ ਟੀਮ ਹਾਜ਼ਰ ਸੀ।
ਮੋਰਿੰਡਾ (ਸੰਜੀਵ ਤੇਜਪਾਲ): ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਲਾਲ ਝੰਡਾ ਲਹਿਰਾਉਣ ਦੀ ਰਸਮ ਡੈਮੋਕ੍ਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੀਨੀਅਰ ਆਗੂ ਮਲਾਗਰ ਸਿੰਘ ਖਮਾਣੋਂ ਨੇ ਕੀਤੀ। ਸਮਾਗਮ ਦੀ ਪ੍ਰਧਾਨਗੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨਾਲ ਸਬੰਧਤ ਇਫਟੂ ਦੇ ਪ੍ਰਧਾਨ ਦਰਸ਼ਨ ਸਿੰਘ ਤੇ ਸੁਰਜੀਤ ਕੁਮਾਰ ਨੇ ਕੀਤੀ।
ਅੰਬਾਲਾ (ਰਤਨ ਸਿੰਘ ਢਿੱਲੋਂ): ਮਈ ਦਿਵਸ ’ਤੇ ਸੀਟੂ ਨਾਲ ਸਬੰਧਤ ਆਸ਼ਾ ਵਰਕਰਜ਼ ਯੂਨੀਅਨ ਨੇ ਅੰਬਾਲਾ ਸ਼ਹਿਰ ਦੇ ਪੁਰਾਣੇ ਹਸਪਤਾਲ ਸਾਹਮਣੇ ਬਣੇ ਲੇਬਰ ਸ਼ੈੱਡ ਵਿੱਚ ਸਭਾ ਕਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ।
ਜੀਤੀ ਪਡਿਆਲਾ ਵੱਲੋਂ ਮਜ਼ਦੂਰਾਂ ਨਾਲ ਮੁਲਾਕਾਤ
ਕੁਰਾਲੀ (ਮਿਹਰ ਸਿੰਘ): ਕੌਮਾਂਤਰੀ ਮਜ਼ਦੂਰ ਦਿਵਸ ’ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਸਥਾਨਕ ਲੇਬਰ ਚੌਕ ਦਾ ਦੌਰਾ ਕਰ ਕੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸ੍ਰੀ ਪਡਿਆਲਾ ਨੇ ਮਜ਼ਦੂਰ ਭਾਈਚਾਰੇ ਨੂੰ ਮਜ਼ਦੂਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮਜ਼ਦੂਰਾਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਤੋਂ ਜਾਣੂ ਕਰਵਾਇਆ। ਸ੍ਰੀ ਪਡਿਆਲਾ ਨੇ ਕਿਹਾ ਕਿ ਮਜ਼ਦੂਰ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਸ੍ਰੀ ਪਡਿਆਲਾ ਨੇ ਮਜ਼ਦੂਰਾਂ ਨੂੰ ਲੱਡੂ ਵੰਡ ਕੇ ਵਧਾਈਆਂ ਵੀ ਦਿੱਤੀਆਂ। ਮਜ਼ਦੂਰਾਂ ਨੇ ਪਡਿਆਲਾ ਦੀ ਸ਼ਲਾਘਾ ਕੀਤੀ।