ਸਮਾਰਟ ਪਾਰਕਿੰਗ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਟੋਮੇਟਿਡ ਬਣਾਉਣ ’ਤੇ ਜ਼ੋਰ
ਪੱਤਰ ਪ੍ਰੇਰਕ
ਚੰਡੀਗੜ੍ਹ, 21 ਮਈ
ਸਿਟੀ ਬਿਊਟੀਫੁੱਲ ਵਿੱਚ ਸ਼ੁਰੂ ਕੀਤੀ ਜਾ ਰਹੀ ਸਮਾਰਟ ਪਾਰਕਿੰਗ ਵਾਸਤੇ ਸਬੰਧਤ ਕੰਪਨੀ/ਫਰਮ ਲਈ ਪ੍ਰਪੋਜ਼ਲ (ਆਰਐੱਫਪੀ) ਤਿਆਰ ਕਰਨ ਲਈ ਕਾਇਮ ਸਬ-ਕਮੇਟੀ ਦੀ ਸਮੀਖਿਆ ਮੀਟਿੰਗ ਅੱਜ ਇੱਥੇ ਕੌਂਸਲਰ ਸੌਰਭ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਬ-ਕਮੇਟੀ ਦੇ ਹੋਰ ਮੈਂਬਰ ਉਮੇਸ਼ ਘਈ, ਜਸਵਿੰਦਰ ਕੌਰ, ਸੁਮੀਤ ਸਿਹਾਗ ਸੰਯੁਕਤ ਕਮਿਸ਼ਨਰ ਅਤੇ ਹੋਰ ਸਬੰਧਤ ਅਧਿਕਾਰੀ ਵੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਕੌਂਸਲਰਾਂ ਅਤੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਪੇਡ ਪਾਰਕਿੰਗ ਖੇਤਰਾਂ ਵਿੱਚ ਕਾਰ ਤੇ ਸਕੂਟਰ ਲਈ ਨਿਸ਼ਾਨਦੇਹੀ ਕੀਤੀ ਜਾਵੇ, ਸੜਕਾਂ ਅਤੇ ਪਾਰਕਿੰਗ ਖੇਤਰਾਂ ਵਿੱਚ ਟੋਇਆਂ ਦੀ ਮੁਰੰਮਤ ਕੀਤੀ ਜਾਵੇ, ਸ਼ੋਅਰੂਮਾਂ ਦੇ ਪਿਛਲੇ ਪਾਸੇ ਅਤੇ ਸ਼ੋਅਰੂਮਾਂ ਦੇ ਸਾਹਮਣੇ ਗਾਹਕਾਂ ਲਈ ਕਾਰ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ ਤੇ ਨਿਯਮਾਂ ਅਨੁਸਾਰ ਸਟਾਫ਼ ਤਾਇਨਾਤ ਕੀਤਾ ਜਾਵੇ।
ਕਮੇਟੀ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਪੇਡ ਪਾਰਕਿੰਗ ਖੇਤਰਾਂ ਵਿੱਚ ਇੱਕ ਆਟੋਮੇਟਿਡ ਸਿਸਟਮ ਲਾਗੂ ਕੀਤਾ ਜਾਵੇ ਜਿਵੇਂ ਕਿ ਫਾਸਟੈਗ ਪ੍ਰੋਵੀਜ਼ਨ, ਮਹੀਨਾਵਾਰ ਪਾਸ, ਹਰ ਪੇਡ ਪਾਰਕਿੰਗ ਖੇਤਰਾਂ ਲਈ ਸਟੈਂਸਿਲ ਦੀ ਵਰਤੋਂ, ਜਨਤਾ ਲਈ ਸਿਟੀ ਪਾਸ, ਪ੍ਰੀ-ਪੇਡ ਕਾਰਡ ਸਿਸਟਮ ਲਾਗੂ ਕੀਤਾ ਜਾਵੇ। ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਾਅ ਲਈ ਪੇਡ-ਪਾਰਕਿੰਗ ਸਥਾਨਾਂ ਵਿੱਚ ਫਾਇਰ ਬ੍ਰਿਗੇਡ ਦੀ ਵਿਵਸਥਾ ਕੀਤੀ ਜਾਵੇ ਅਤੇ ਅਪਾਹਜ਼ ਵਿਅਕਤੀਆਂ ਦੇ ਵਾਹਨਾਂ ਲਈ ਵੱਖਰੀ ਨਿਸ਼ਾਨਦੇਹੀ ਕੀਤੀ ਜਾਵੇ।
ਇਹ ਵੀ ਸੁਝਾਅ ਦਿੱਤਾ ਗਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਸਮਾਰਟ ਪਾਰਕਿੰਗ ਪ੍ਰਾਜੈਕਟ ਪੂਰੀ ਤਰ੍ਹਾਂ ਆਟੋਮੇਸ਼ਨ ਆਧਾਰਤ ਹੋਣਾ ਚਾਹੀਦਾ ਹੈ।