ਗਾਰਬੇਜ਼ ਪ੍ਰਾਸੈਸਿੰਗ ਪਲਾਂਟ ਵਿਰੁੱਧ ਨਿੱਤਰੇ ਗਿਆਰਾਂ ਫੇਜ਼ ਵਾਸੀ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 21 ਜੂਨ
ਇੱਥੇ ਫੇਜ਼-11 ਦੇ ਵਸਨੀਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਤੋਂ ਰੇਲਵੇ ਲਾਈਨ ਨੇੜੇ ਬਣਾਏ ਗਾਰਬੇਜ਼ ਪ੍ਰਾਸੈਸਿੰਗ ਪਲਾਂਟ ਨੂੰ ਬੰਦ ਕੀਤਾ ਜਾਵੇ। ਇਸ ਸਬੰਧੀ ਕੀਤੀ ਮੀਟਿੰਗ ਵਿੱਚ ਸ਼ਾਮਲ ਪਤਵੰਤਿਆਂ ਨੇ ਮੁਹਾਲੀ ਦੇ ਵਿਧਾਇਕ, ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ।
ਲੋਕਾਂ ਨੇ ਦੱਸਿਆ ਕਿ ਇਸ ਥਾਂ ’ਤੇ ਆਉਣ ਵਾਲੇ ਕੂੜੇ ਦੀ ਮਾਤਰਾ ਵੱਧ ਹੋਣ ਕਾਰਨ ਇੱਥੇ ਕੂੜੇ ਦਾ ਪਹਾੜ ਬਣਦਾ ਜਾ ਰਿਹਾ ਹੈ। ਇਸ ਤੋਂ ਪੈਦਾ ਹੋਣ ਵਾਲੀ ਬਦਬੂ ਕਾਰਨ ਫੇਜ਼-11 ਅਤੇ ਨੇਡਲੇ ਖੇਤਰਾਂ ਦੇ ਵਸਨੀਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਇਸ ਕਾਰਨ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਖੇਤਰ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਗਾਰਬੇਜ਼ ਪ੍ਰਾਸੈਸਿੰਗ ਪਲਾਂਟ ਹਵਾਈ ਅੱਡੇ ਤੋਂ ਕੇਵਲ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਆਉਂਦਾ ਹੈ ਜੋ ਇੱਥੋਂ ਉੱਡਣ ਵਾਲੇ ਜਹਾਜ਼ਾਂ ਲਈ ਵੀ ਘਾਤਕ ਸਿੱਧ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੇ ਪੰਛੀ ਕੂੜੇ ਦੇ ਢੇਰ ਉੱਤੇ ਬੈਠਦੇ ਅਤੇ ਉੱਡਦੇ ਰਹਿੰਦੇ ਹਨ।
ਮੀਟਿੰਗ ਵਿੱਚ ਜਸਬੀਰ ਸਿੰਘ ਮਣਕੂ, ਕੁਲਵੰਤ ਸਿੰਘ ਕਲੇਰ, ਨਰਪਿੰਦਰ ਸਿੰਘ ਰੰਗੀ ਅਤੇ ਰਾਜਰਾਣੀ ਜੈਨ (ਸਾਰੇ ਕੌਂਸਲਰ), ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਗੌਰਵ ਜੈਨ, ਅਮਰਜੀਤ ਸਿੰਘ, ਬਖਸੀਸ਼ ਸਿੰਘ, ਜੀਪੀ ਸਿੰਘ, ਗੁਰਮੇਲ ਸਿੰਘ ਮੌਜੇਵਾਲ, ਹਰਪਾਲ ਸਿੰਘ ਸੋਢੀ, ਗੁਰਮੇਜ ਸਿੰਘ ਠੇਕੇਦਾਰ, ਗੱਜਣ ਸਿੰਘ, ਕੈਪਟਨ ਕਰਨੈਲ ਸਿੰਘ, ਪਵਨਜੀਤ ਸਿੰਘ ਭੰਗੂ, ਓਂਕਾਰ ਸਿੰਘ, ਕਰਮਜੀਤ ਸਿੰਘ ਲਾਡੀ, ਚਰਨਜੀਤ ਸਿੰਘ, ਰਣਜੀਤ ਸਿੰਘ ਗਿੱਲ, ਪੰਡਿਤ ਪ੍ਰਕਾਸ਼ ਚੰਦ ਅਤੇ ਹੋਰ ਵਸਨੀਕ ਹਾਜ਼ਰ ਸਨ।