ਚੰਡੀਗੜ੍ਹ ’ਚ ਹਰ ਮਹੀਨੇ ਆਵੇਗਾ ਬਿਜਲੀ ਬਿੱਲ
ਸੀ ਪੀ ਡੀ ਐੱਲ ਨੇ ਜਨਵਰੀ ਮਹੀਨੇ ਤੋਂ ਬਦਲਿਆ ਬਿਲਿੰਗ ਸਰਕਲ; ਖਪਤਕਾਰਾਂ ਦਾ ਬੋਝ ਘਟਾਉਣ ਲਈ ਕੀਤਾ ਫ਼ੈਸਲਾ: ਵਰਮਾ
ਚੰਡੀਗੜ੍ਹੀਆਂ ਨੂੰ ਹੁਣ ਦੋ ਮਹੀਨੇ ਦਾ ਥਾਂ ਹਰ ਮਹੀਨੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨਾ ਪਵੇਗਾ। ਇਹ ਫ਼ੈਸਲਾ ਚੰਡੀਗੜ੍ਹ ਪਾਵਰ ਡਿਸਟਰੀਬਿਊਟਸ਼ਨ ਲਿਮਟਿਡ (ਸੀ ਪੀ ਡੀ ਐੱਲ) ਨੇ ਕੀਤਾ ਹੈ। ਜਿਨ੍ਹਾਂ ਵੱਲੋਂ ਜਨਵਰੀ 2026 ਤੋਂ ਸ਼ਹਿਰ ਦੇ ਬਿਜਲੀ ਬਿਲ ਦੇ ਸਰਕਲ ਨੂੰ ਬਦਲ ਕੇ ਦੋ ਮਹੀਨੇ ਦੀ ਥਾਂ ਇਕ ਮਹੀਨਾ ਕੀਤਾ ਜਾ ਰਿਹਾ ਹੈ। ਸੀ ਪੀ ਡੀ ਐਲ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਸੀ ਪੀ ਡੀ ਐੱਲ ਨੇ ਇਹ ਫੈਸਲਾ ਸੰਯੁਕਤ ਬਿਜਲੀ ਰੈਗੀਲੇਟਰੀ ਕਮਿਸ਼ਨ (ਜੇ ਈ ਆਰ ਸੀ) ਦੇ ਨਿਰਦੇਸ਼ਾਂ ’ਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਦੋ ਮਹੀਨੇ ਦੀ ਥਾਂ ਇਕ ਮਹੀਨੇ ਦਾ ਭੇਜਨਾ ਖਪਤਕਾਰਾਂ ਲਈ ਲਾਹੇਵੰਦ ਸਾਬਤ ਹੋਵੇਗਾ। ਪਹਿਲਾਂ ਲੋਕਾਂ ਨੂੰ ਦੋ ਮਹੀਨੇ ਦਾ ਇਕੱਠਾ ਬਿੱਲ ਭਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਲੋਕ ਬਿਜਲੀ ਬਿੱਲ ਨੂੰ ਆਪਣੇ ਮਹੀਨੇ ਦੇ ਖਰਚ ਵਿੱਚ ਹੀ ਜੋੜ ਸਕਣਗੇ। ਉਨ੍ਹਾਂ ਕਿਹਾ ਕਿ ਹਰ ਮਹੀਨੇ ਬਿੱਲ ਦਾ ਭੁਗਤਾਨ ਕਰਨ ਕਰਕੇ ਲੋਕਾਂ ਨੂੰ ਭਾਰੀ ਬਿੱਲਾਂ ਦਾ ਭੁਗਤਾਨ ਕਰਨ ਤੋਂ ਵੀ ਰਾਹਤ ਮਿਲੇਗੀ। ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਹਰ ਮਹੀਨੇ ਬਿਜਲੀ ਦੇ ਬਿੱਲ ਦੇ ਭੁਗਤਾਨ ਨਾਲ ਬਿਜਲੀ ਵੰਡ ਨੂੰ ਵੀ ਮਜ਼ਬੂਤੀ ਮਿਲੇਗੀ ਅਤੇ ਬਿਲਿੰਗ ਦੇ ਕੰਮ ਵਿੱਚ ਵੀ ਪਾਰਦਰਸ਼ਤਾ ਆਵੇਗੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਮੌਜੂਦਾ ਸਮੇਂ 2.35 ਲੱਖ ਬਿਜਲੀ ਖਪਤਕਾਰ ਹਨ, ਜਿਨ੍ਹਾਂ ’ਤੇ ਸਿੱਧਾ ਅਸਰ ਪਵੇਗਾ।

