ਖੰਡਰ ਹੋ ਚੁੱਕੇ ਸਰਕਾਰੀ ਮਕਾਨਾਂ ’ਚ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟੇ
ਕੁਲਦੀਪ ਸਿੰਘ
ਚੰਡੀਗੜ੍ਹ, 7 ਜੁਲਾਈ
ਸਥਾਨਕ ਸ਼ਹਿਰ ਦੇ ਸੈਕਟਰ 20ਏ ਵਿੱਚ ਪੁਲੀਸ ਕਲੋਨੀ ਦੇ 116 ਮਕਾਨਾਂ ਅਤੇ ਐੱਮਓਐੱਚ ਦੇ 108 ਸਰਕਾਰੀ ਖਸਤਾ ਹਾਲਤ ਮਕਾਨਾਂ ਦਾ ਮੁੱਦਾ ਡਿਪਟੀ ਮੇਅਰ ਤਰੁਣਾ ਮਹਿਤਾ ਵੱਲੋਂ ਉਭਾਰਨ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਚੀਫ਼ ਇੰਜਨੀਅਰ ਸੀ.ਬੀ. ਓਝਾ ਵੱਲੋਂ ਦੌਰਾ ਕੀਤਾ ਗਿਆ, ਜਿਨ੍ਹਾਂ ਨੇ ਇਨ੍ਹਾਂ ਮਕਾਨਾਂ ਵਿੱਚ ਅਣ-ਅਧਿਕਾਰਤ ਤੌਰ ’ਤੇ ਰਹਿ ਰਹੇ ਲੋਕਾਂ ਦਾ ਪਤਾ ਕੀਤਾ ਅਤੇ ਮੌਕੇ ਉਤੇ ਹੀ ਨਿਗਮ ਦੇ ਅਧਿਕਾਰੀਆਂ ਨੂੰ ਬੁਲਾ ਕੇ ਇਨ੍ਹਾਂ ਮਕਾਨਾਂ ਦੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਹੀ ਕਟਵਾ ਦਿੱਤੇ।
ਡਿਪਟੀ ਮੇਅਰ ਤਰੁਣਾ ਮਹਿਤਾ ਨੇ ਚੀਫ਼ ਇੰਜਨੀਅਰ ਨੂੰ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਅਤੇ ਖੰਡਰ ਹੋ ਚੁੱਕੇ ਇਨ੍ਹਾਂ ਸਰਕਾਰੀ ਮਕਾਨਾਂ ਵਿੱਚ ਕੁਝ ਲੋਕ ਬਿਨਾਂ ਅਲਾਟਮੈਂਟ ਤੋਂ ਹੀ ਰਹਿ ਰਹੇ ਸਨ। ਸਮਾਜ ਵਿਰੋਧੀ ਗਤੀਵਿਧੀਆਂ, ਖਾਸ ਕਰਕੇ ਨਸ਼ਿਆਂ ਦੀ ਦੁਰਵਰਤੋਂ ਬਾਰੇ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਲੋਕਾਂ ਵੱਲੋਂ ਗੈਰ-ਕਾਨੂੰਨੀ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਲਏ ਗਏ ਅਤੇ ਇਨ੍ਹਾਂ ਮਕਾਨਾਂ ਵਿੱਚ ਰਹਿ ਰਹੇ ਲੋਕੀਂ ਆਸ ਪਾਸ ਦੇ ਹੋਰਨਾਂ ਲੋਕਾਂ ਦੇ ਲਈ ਵੱਡੀ ਸਿਰਦਰਦੀ ਦਾ ਕਾਰਨ ਵੀ ਬਣ ਰਹੇ ਸਨ।
ਚੀਫ਼ ਇੰਜਨੀਅਰ ਸ੍ਰੀ ਓਝਾ ਨੇ ਕਿਹਾ ਕਿ ਸੈਕਟਰ 20-ਏ ਵਿੱਚ ਖਸਤਾ ਹਾਲਤ ਇਨ੍ਹਾਂ ਸਰਕਾਰੀ ਮਕਾਨਾਂ ਨੂੰ ਜਲਦ ਹੀ ਢਾਹ ਦਿੱਤਾ ਜਾਵੇਗਾ। ਇਸ ਕੰਮ ਦੇ ਲਈ ਉਨ੍ਹਾਂ ਨੇ ਇੱਕ ਕਮੇਟੀ ਬਣਾਈ ਹੈ। ਜਲਦ ਹੀ ਸੈਕਟਰ 20-ਬੀ ਅਤੇ ‘ਸੀ’ ਵਿੱਚ ਮਕਾਨਾਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਮੇਅਰ ਤਰੁਣਾ ਮਹਿਤਾ ਨੇ ਇਸ ਕਾਰਵਾਈ ’ਤੇ ਸੰਤੁਸ਼ਟੀ ਪ੍ਰਗਟ ਕੀਤੀ।