ਅੰਬੇਡਕਰ ਮਿਸ਼ਨਰੀ ਵੈੱਲਫ਼ੇਅਰ ਐਸੋਸੀਏਸ਼ਨ ਦੀ ਚੋਣ
ਮੁਹਾਲੀ: ਡਾ. ਬੀਆਰ ਅੰਬੇਡਕਰ ਮਿਸ਼ਨਰੀ ਵੈੱਲਫ਼ੇਅਰ ਐਸੋਸੀਏਸ਼ਨ ਮੁਹਾਲੀ ਦੀ ਦੋ ਵਰ੍ਹਿਆਂ ਲਈ ਸਰਬਸੰਮਤੀ ਨਾਲ ਹੋਈ ਚੋਣ ਵਿਚ ਡਾ ਜਤਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ। ਬਾਕੀ ਅਹੁਦੇਦਾਰਾਂ ਵਿਚ ਦੀਪਕ ਸੋਂਧੀ ਨੂੰ ਜਨਰਲ ਸਕੱਤਰ, ਟੀਐੱਲ ਬੈਂਸ ਅਤੇ ਡਾ ਰਛਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਬਾਕੀ ਅਹੁਦੇਦਾਰਾਂ ਅਤੇ ਕਾਰਜਕਾਰਣੀ ਮੈਂਬਰ ਚੁਣਨ ਦੇ ਅਧਿਕਾਰ ਨਵੀਂ ਟੀਮ ਨੂੰ ਦਿੱਤੇ ਗਏ ਹਨ। ਐਸੋਸੀਏਸ਼ਨ ਦੇ ਵੱਲੋਂ ਇਸ ਮੌਕੇ ਪਾਸ ਕੀਤੇ ਮਤਿਆਂ ’ਚ ਨਵੀਂ ਪੀੜੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਜ ਪ੍ਰਤੀ ਜਾਗਰੂਕ ਕਰਨਾ ਅਤੇ ਜੋੜਨਾ, ਸਿੱਖਿਆ ਦੇ ਖੇਤਰ ਵਿੱਚ ਅੰਬੇਡਕਰੀ ਵਿਚਾਰਧਾਰਾ ਤਹਿਤ ਸਕੂਲ ਦੇ ਸਭ ਤੋਂ ਵੱਡਾ ਟੀਚੇ ਲਈ ਕਾਰਜਸ਼ੀਲ ਹੋਣਾ, ਵਾਤਾਵਰਣ ਸੰਭਾਲ, ਸੜਕ ਸੁਰੱਖਿਆ ਅਤੇ ਸਮਾਜ ਦੀ ਸਿਹਤ ਅਤੇ ਲੋੜਾਂ ਲਈ ਸਬੰਧਿਤ ਕੰਮਾਂ ਨੂੰ ਤਰਜੀਹ ਦੇਣਾ ਸ਼ਾਮਲ ਹੈ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ। -ਖੇਤਰੀ ਪ੍ਰਤੀਨਿਧ
ਵਿਦਿਆਰਥੀਆਂ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ
ਫਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਬੀ.ਟੈੱਕ ਅਤੇ ਐੱਮਐੱਸਸੀ ਫੂਡ ਪ੍ਰੋਸੈਸਿੰਗ ਤਕਨਾਲੋਜੀ ਦੇ ਵਿਦਿਆਰਥੀਆਂ ਨੇ ਫੂਡ ਸੇਫਟੀ ਸਿਖਲਾਈ ਅਤੇ ਪ੍ਰਮਾਣੀਕਰਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ। ਇਸ ਦਾ ਤਾਲਮੇਲ ਫੂਡ ਪ੍ਰੋਸੈਸਿੰਗ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਰੁਪਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਵਾਈਸ ਚਾਂਸਲਰ, ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਅਕਾਦਮਿਕ ਸਿਖਲਾਈ ਅਤੇ ਉਦਯੋਗ ਦੀਆਂ ਜ਼ਰੂਰਤਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਧਾਉਂਦੇ ਹਨ। -ਨਿੱਜੀ ਪੱਤਰ ਪ੍ਰੇਰਕ
ਬੇਲਾ ਕਾਲਜ ’ਚ ਯੋਗ ਦਿਵਸ ਮਨਾਇਆ
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਅਤੇ ਫਾਰਮੇਸੀ ਕਾਲਜ ਬੇਲਾ ਵਿਖੇ ਸਰੀਰਿਕ ਸਿੱਖਿਆ ਵਿਭਾਗ, ਐਨ.ਸੀ.ਸੀ. (ਆਰਮੀ ਅਤੇ ਨੇਵੀ ਵਿੰਗ) ਐਨ.ਐਸ.ਐਸ. ਅਤੇ ਇੰਸੀਚਿਊਟ ਆਫ਼ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ ਗਿਆ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਪ੍ਰੋ. ਅਮਰਜੀਤ ਸਿੰਘ ਅਤੇ ਪ੍ਰੋ. ਪਰਮਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਯੋਗ ਸਾਧਨਾ ਮਨ, ਆਤਮਾ ਤੇ ਸਰੀਰ ਨੂੰ ਇੱਕਸੁਰ ਕਰਨ ਲਈ ਬੇਹੱਦ ਜ਼ਰੂਰੀ ਹੈ। ਇਸ ਮੌਕੇ ਡਾ. ਸੈਲੇਸ਼ ਸ਼ਰਮਾ ਡਾਇਰੈਕਟਰ ਫਾਰਮੇਸੀ ਕਾਲਜ, ਪ੍ਰੋ . ਸੁਨੀਤਾ ਰਾਣੀ ਅਤੇ ਡਾ. ਸੰਦੀਪ ਕੌਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਮਾਤਾ ਜੋਗਿੰਦਰ ਕੌਰ ਨੂੰ ਸ਼ਰਧਾਂਜਲੀਆਂ
ਲਾਲੜੂ: ਨਜ਼ਦੀਕੀ ਪਿੰਡ ਹਮਾਯੂੰਪੁਰ, ਤਸਿੰਬਲੀ ਵਿੱਚ ਹਲਕਾ ਡੇਰਾਬਸੀ ਤੋਂ ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਤੇ ਕਾਂਗਰਸੀ ਆਗੂ ਜਿੰਦਰ ਸਿੰਘ ਤੁਰਕਾ ਦੀ ਮਾਤਾ ਜੋਗਿੰਦਰ ਕੌਰ ਨਮਿਤ ਭੋਗ ਸਮਾਗਮ ਮੌਕੇ ਵੱਖ ਵੱਖ ਸਿਆਸੀ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਜੋਗਿੰਦਰ ਕੌਰ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਤੁਰਕਾ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਿਰੋਪੇ ਵੀ ਭੇਟ ਕੀਤੇ। ਸਮਾਗਮ ਮੌਕੇ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਹਰਿਆਣਾ ਤੋਂ ਸਾਬਕਾ ਵਿਧਾਇਕ ਰਾਜਬੀਰ ਸਿੰਘ ਬਰਾੜਾ, ਆਗੂ ਹਿੰਮਤ ਸਿੰਘ ਕੰਬੋਜ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀਂ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਅਮਰੀਕ ਸਿੰਘ ਮਲਕਪੁਰ, ਸਰਪੰਚ ਦਲਬੀਰ ਸਿੰਘ ਹਮਾਯੂੰਪੁਰ, ਕਰਨੈਲ ਸਿੰਘ ਹਮਾਯੂੰਪੁਰ ਸਾਬਕਾ ਸਰਪੰਚ ਕੁਲਦੀਪ ਸਿੰਘ, ਸੁਰਿੰਦਰ ਸਿੰਘ ਹਮਾਯੂੰਪੁਰ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਬਾਜਵਾ ਭਰਾਵਾਂ ਨੂੰ ਸਦਮਾ; ਪਿਤਾ ਦਾ ਦੇਹਾਂਤ
ਰੂਪਨਗਰ: ਉੱਘੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਸਰਪੰਚ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਸਾਬਕਾ ਪ੍ਰਧਾਨ ਬਿੱਟੂ ਬਾਜਵਾ ਤੇ ਪ੍ਰਾਪਰਟੀ ਕਾਰੋਬਾਰੀ ਮਨਮੋਹਨ ਸਿੰਘ ਬਾਜਵਾ ਦੇ ਪਿਤਾ ਦਲਵਾਰਾ ਸਿੰਘ ਬਾਜਵਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਰੋਡਮਾਜਰਾ ਚੱਕਲਾਂ ਦੇ ਸਮਸ਼ਾਨਘਾਟ ’ਚ ਕਰ ਦਿੱਤਾ ਗਿਆ। ਸੰਸਕਾਰ ਮੌਕੇ ਵੱਖ ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਮੁਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਦੇ ਕਈ ਪ੍ਰਸਾਸ਼ਨਿਕ ਅਧਿਕਾਰੀ ਵੀ ਹਾਜ਼ਰ ਸਨ। ਪੱਤਰ ਪ੍ਰੇਰਕ
ਤਰਸੇਮ ਲਾਲ ਕਾਂਸਲ ਦਾ ਦੇਹਾਂਤ
ਖਰੜ: ਖਰੜ ਦੇ ਜੰਮਪਲ ਤੇ ਉੱਘੇ ਸ਼ਹਿਰੀ ਤਰਸੇਮ ਲਾਲ ਕਾਂਸਲ (83) ਦਾ ਅੱਜ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਆਪਣੇ ਪਰਿਵਾਰ ਨਾਲ ਚੰਡੀਗੜ ਰਹਿ ਰਹੇ ਸਨ। ਤਰਸੇਮ ਲਾਲ ਕਾਂਸਲ ਨੇ ਖਰੜ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਤੇ ਇੱਕ ਸਫਲ ਉਦਯੋਗਪਤੀ ਬਣੇ। ਉਹ ਘਾਟ ਤਲਾਬ ਕੌਲਾਵਾਲਾ ਪ੍ਰਭੂ ਲਾਲ ਵਾਲਾ ਟਰੱਸਟ ਦੇ ਪ੍ਰਧਾਨ ਵੀ ਸਨ ਤੇ ਖਰੜ ਦੀਆਂ ਕਈ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਕਾਂਸਲ ਦੇ ਚਲਾਣੇ ’ਤੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਰਾਮ ਮੰਦਿਰ ਅੱਜ ਸਰੋਵਰ ਵਿਕਾਸ ਸਮਿਤੀ ਦੇ ਅਹੁਦੇਦਾਰਾਂ ਨੇ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੱਤਰ ਪ੍ਰੇਰਕ