ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੇ ਕਈਆਂ ਦੇ ਭੁਲੇਖੇ ਕੱਢੇ: ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲ ਤਖ਼ਤ ਦੇ ਆਦੇਸ਼ ਦੁਆਰਾ ਭਰਤੀ ਕਰ ਕੇ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ’ਤੇ ਹੋਈ ਗਿਆਨੀ ਹਰਪ੍ਰੀਤ ਸਿੰਘ ਦੀ ਚੋਣ ਨੇ ਵਿਰੋਧੀਆਂ ਦੇ ਕਈ ਕਿਸਮ ਦੀਆਂ ਚਰਚਾਵਾਂ ਅਤੇ ਭਰਮ-ਭੁਲੇਖਿਆਂ ਨੂੰ ਰੱਦ ਕਰ ਦਿੱਤਾ ਹੈ।
ਉਨ੍ਹਾਂ ਆਖਿਆ ਕਿ ਪਹਿਲੀ ਵਾਰ ਹੈ ਕਿ ਕਿਰਤੀ ਅਤੇ ਮਿਹਨਤਕਸ਼ ਲੋਕਾਂ ਵਿੱਚੋਂ ਪ੍ਰਧਾਨਗੀ ਦਾ ਤਾਜ ਦਲਿਤ ਭਾਈਚਾਰੇ ਦੇ ਸਿਰ ’ਤੇ ਰੱਖੇ ਜਾਣ ਨੇ ਅਕਾਲੀ ਦਲ ਵਿੱਚ ਇੱਕ ਹੋਰ ਨਵੇਂ ਜੁੱਗ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਵਿੱਚ ਪੈਦਾ ਹੋਏ ਰਾਜਸੀ ਸੰਕਟ ਦਾ ਧਾਰਮਿਕ ਸੰਸਥਾਵਾਂ ਉੱਤੇ ਗਹਿਰਾ ਪ੍ਰਭਾਵ ਪਿਆ ਅਤੇ ਇੱਕ ਪਰਿਵਾਰ ਇਨ੍ਹਾਂ ਸੰਸਥਾਵਾਂ ਉੱਤੇ ਕਾਬਜ਼ ਹੋ ਗਿਆ। ਉਨ੍ਹਾਂ ਆਖਿਆ ਕਿ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੂਝਵਾਨ ਵਿਅਕਤੀ ਹਨ, ਪਰ ਉਨ੍ਹਾਂ ਵੱਲੋਂ ਇੱਕ ਧੜੇ ਦੀ ਤਰਫ਼ਦਾਰੀ ਕਰਨਾ ਸਿੱਖ ਕੌਮ ਨਾਲ ਪੱਖਪਾਤ ਵਾਲੀ ਗੱਲ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸਾਨੂੰ ਆਪਣੇ ਕਾਟੋ-ਕਲੇਸ਼ ਅਤੇ ਦੂਸ਼ਣਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਬਣਦੇ ਹੱਕ ਲੈਣ ਲਈ ਲਾਮਬੰਦ ਹੋਣ ਦੀ ਲੋੜ ਹੈ।