ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 13 ਜੁਲਾਈ
ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਇੱਥੇ ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਘਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਬੇਦੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਮਨੀਸ਼ ਤਿਵਾੜੀ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਭਾਰਤ ਦੇ ਸੰਵਿਧਾਨ ਦਾ ਘਾਣ ਕਰ ਰਹੀ ਹੈ ਅਤੇ ਸੰਵਿਧਾਨਿਕ ਸੰਸਥਾਵਾਂ ਨੂੰ ਆਪਣੀ ਰਾਜਸੀ ਲੋੜ ਅਨੁਸਾਰ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ ਅਤੇ ਬਿਹਾਰ ਵਿੱਚ ਕਰੋੜਾਂ ਵੋਟਾਂ ਦੇ ਕੱਟੇ ਜਾਣ ਦੀ ਸਾਜ਼ਿਸ਼ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਬਿਹਾਰ ਵਿੱਚ ਆਪਣੀ ਹਾਰ ਸਪੱਸ਼ਟ ਨਜ਼ਰ ਆ ਰਹੀ ਹੈ, ਇਸ ਲਈ ਐੱਸਆਈਆਰ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦੇ ਨਾਂ ’ਤੇ ਬਿਹਾਰੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਜਪਾ ਨੂੰ ਅਜਿਹੀਆਂ ਕੋਝੀਆਂ ਚਾਲਾਂ ’ਚ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ਦੀਆਂ ਚੋਣਾਂ ਵਿੱਚ ਕਾਂਗਰਸ ਵੱਡੇ ਪੱਧਰ ’ਤੇ ਜਿੱਤ ਹਾਸਲ ਕਰੇਗੀ।
ਕੁਲਜੀਤ ਸਿੰਘ ਬੇਦੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸ ਲਈ ਦਿਨ-ਰਾਤ ਕੰਮ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਸਾਬਕਾ ਚੇਅਰਮੈਨ ਪਵਨ ਦੀਵਾਨ, ਕੁਲਵੰਤ ਸਿੰਘ ਕਲੇਰ, ਪ੍ਰਮੋਦ ਮਿਤਰਾ, ਮਾਸਟਰ ਚਰਨ ਸਿੰਘ(ਤਿੰਨੋ ਕੌਂਸਲਰ), ਹਰਦੀਪ ਸਿੰਘ ਕਿੰਗਰਾ, ਗੁਰਸ਼ਰਨ ਸਿੰਘ ਰਿਆੜ, ਸਿਮਰਨਜੀਤ ਸਿੰਘ, ਰਾਜਾ ਕੰਵਰਜੋਤ ਸਿੰਘ, ਐਡਵੋਕੇਟ ਸੁਸ਼ੀਲ ਅਤਰੀ, ਏਕੇ ਕੌਸ਼ਿਕ, ਮਨਜੋਤ ਸਿੰਘ, ਜੰਗਬਹਾਦੁਰ ਸਿੰਘ ਕੁੰਭੜਾ, ਅਜੈਬ ਸਿੰਘ ਬਾਕਰਪੁਰ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ ਸੋਹਲ, ਗੁਰਮੀਤ ਸਿੰਘ ਸਿਆਣ, ਜਤਿੰਦਰ ਸਿੰਘ ਜੌਲੀ, ਅਮਨ ਸਲੈਚ, ਜੀਪੀਐੱਸ ਬਾਗੜੀਆ ਅਤੇ ਪ੍ਰਭਜੋਤ ਪੂਨੀਆ ਹਾਜ਼ਰ ਸਨ।