ਸੁਖਨਾ ਝੀਲ ਤੋਂ ਅੱਠ ਫੁੱਟ ਲੰਬਾ ਅਜਗਰ ਮਿਲਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੂਨ
ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਅੱਜ ਸਵੇਰ ਸਮੇਂ ਦਰੱਖਤ ’ਤੇ ਅਜਗਰ ਦਿਖਾਈ ਦਿੱਤਾ। ਇਸ ਬਾਰੇ ਪਤਾ ਲੱਗਣ ’ਤੇ ਸੁਖਨਾ ਝੀਲ ’ਤੇ ਆਏ ਸੈਲਾਨੀ ਇੱਧਰ-ਉੱਧਰ ਭੱਜਣ ਲੱਗ ਪਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਲੋਕਾਂ ਨੂੰ ਦਰੱਖਤ ਤੋਂ ਦੂਰ ਕਰ ਦਿੱਤਾ ਅਤੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਰੇਨ ਦੀ ਮਦਦ ਨਾਲ ਭਾਰੀ ਮੁਸ਼ਕਤ ਤੋਂ ਬਾਅਦ ਅਜਗਰ ਨੂੰ 40 ਫੁੱਟ ਉੱਚੇ ਦਰੱਖਤ ਤੋਂ ਕਾਬੂ ਕੀਤਾ। ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ ਹੈ।
ਜਾਣਕਾਰੀ ਅਨੁਸਾਰ ਇਹ ਅਜਗਰ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ਨੇੜੇ ਦਰੱਖਤ ਤੋਂ ਕਾਬੂ ਕੀਤਾ ਗਿਆ ਹੈ। ਇਸ ਦੀ ਲੰਬਾਈ 7-8 ਫੁੱਟ ਦੇ ਕਰੀਬ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਗਰ ਕਿਸੇ ਜਾਨਵਰ ਨੂੰ ਦੇਖ ਕੇ ਹਮਲਾ ਕਰਨ ਦੀ ਨੀਅਤ ਨਾਲ ਦਰੱਖਤ ’ਤੇ ਚੜ੍ਹਿਆ ਹੋ ਸਕਦਾ ਹੈ, ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਖਨਾ ਝੀਲ ’ਤੇ ਹਨੇਹਾ ਹੋਣ ਕਰ ਕੇ ਮੌਨਸੂਨ ਦੇ ਸੀਜ਼ਨ ਵਿੱਚ ਕਈ ਵਾਰ ਸੱਪ ਬਾਹਰ ਨਿਕਲ ਆਉਂਦੇ ਹਨ। ਇਸ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਜੰਗਲਾਤ ਵਿਭਾਗ ਦੀ ਟੀਮ ਨੇ ਅਜਗਰ ਨੂੰ ਕਾਬੂ ਕਰ ਕੇ ਦੂਰ ਜੰਗਲ ਵਿੱਚ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੁਖਨਾ ਝੀਲ ’ਤੇ ਇਕ ਵਾਰ ਅਜਗਰ ਅਤੇ ਇਕ ਵਾਰ ਸੱਪ ਕਾਬੂ ਕੀਤਾ ਗਿਆ ਸੀ।