ਵੱਖ-ਵੱਖ ਥਾਈਂ ਸ਼ਰਧਾ ਨਾਲ ਮਨਾਈ ਈਦ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 7 ਜੂਨ
ਈਦ-ਉੱਲ-ਜੂਹਾ (ਬਕਰੀਦ) ਦਾ ਪਵਿੱਤਰ ਤਿਉਹਾਰ ਅੱਜ ਮੁਹਾਲੀ ਸ਼ਹਿਰ ਅਤੇ ਆਸਪਾਸ ਖੇਤਰ ਵਿੱਚ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਤੜਕੇ ਨਮਾਜ਼ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਅਤੇ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਵੱਖ-ਵੱਖ ਮਸਜਿਦਾਂ ਵਿੱਚ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ। ਇਸ ਸਬੰਧੀ ਪਿੰਡ ਬਲੌਂਗੀ, ਸ਼ਾਹੀਮਾਜਰਾ, ਮਟੌਰ, ਸੋਹਾਣਾ, ਕੁੰਭੜਾ, ਫੇਜ਼-11, ਕੰਬਾਲਾ, ਕੰਬਾਲੀ, ਰਾਏਪੁਰ ਕਲਾਂ ਅਤੇ ਸਨੇਟਾ ਆਦਿ ਥਾਵਾਂ ’ਤੇ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ‘ਆਪ’ ਆਗੂ ਹਰਪਾਲ ਸਿੰਘ ਚੰਨਾ, ਕਰਮਜੀਤ ਸਿੰਘ ਲਾਲਾ ਮਟੌਰ ਅਤੇ ਬਾਬਾ ਬਾਲ ਭਾਰਤੀ ਕਮੇਟੀ ਮਟੌਰ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਹਾਜ਼ਰੀ ਭਰਦਿਆਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਅੰਬਾਲਾ (ਸਰਬਜੀਤ ਸਿੰਘ ਭੱਟੀ): ਪਵਿੱਤਰ ਤਿਉਹਾਰ ਈਦ-ਉਲ-ਅਜ਼ਹਾ (ਬਕਰੀਦ) ਅੰਬਾਲਾ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੀਆਂ ਮੁੱਖ ਮਸਜ਼ਿਦਾਂ ਵਿਚ ਨਮਾਜ਼ ਅਦਾ ਕੀਤੀ ਗਈ। ਨਮਾਜ ਮਗਰੋਂ ਦੇਸ਼ ਵਿੱਚ ਅਮਨ-ਚੈਨ ਲਈ ਦੁਆ ਕੀਤੀ ਗਈ। ਅੰਜੁਮਨ ਇਸਲਾਹੁਲ ਮੁਸਲਿਮੀਨ ਦੇ ਜ਼ਿਲ੍ਹਾ ਪ੍ਰਧਾਨ ਸਈਦ ਅਹਿਮਦ ਖ਼ਾਨ ਨੇ ਸਭ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਇਨਸਾਨੀਅਤ, ਭਾਈਚਾਰੇ ਅਤੇ ਗਰੀਬਾਂ, ਵਿਧਵਾਵਾਂ, ਅਨਾਥਾਂ ਦੀ ਸਹਾਇਤਾ ਕਰਨ ਦਾ ਪੈਗ਼ਾਮ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮੁਸਲਮਾਨ ਭਾਈਚਾਰੇ ਵੱਲੋਂ ਪਿੰਡ ਮੁੱਲਾਂਪੁਰ ਗਰੀਬਦਾਸ, ਨਾਡਾ ਰੋਡ ਨਵਾਂ ਗਰਾਉਂ, ਸਿੱਸਵਾਂ, ਮਾਣਕਪੁਰ ਸ਼ਰੀਫ, ਤਾਰਾਪੁਰ, ਤੀੜਾ, ਚਾਹੜ ਮਾਜਰਾ, ਧਨੌੜਾਂ, ਸਿਆਲਬਾ ਮਾਜਰੀ, ਘੰਡੌਲੀ, ਹੁਸ਼ਿਆਰਪੁਰ ਆਦਿ ਪਿੰਡਾਂ ਵਿੱਚ ਬਕਰੀਦ ਮਨਾਈ ਗਈ। ਫਕੀਰ ਮੁਹੰਮਦ ਸਾਬਰੀ ਨੇ ਦੱਸਿਆ ਕਿ ਸਮਾਗਮਾਂ ਵਿੱਚ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਨੇ ਸ਼ਿਰਕਤ ਕਰਦਿਆਂ ਈਦ ਦੀ ਨਮਾਜ਼ ਪੜ੍ਹੀ।