ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੁੱਡਾ ਦਫ਼ਤਰ ਅੱਗੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 44ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਇਸ ਮੌਕੇ ਪੰਜਾਬ ਭਰ ਤੋਂ ਆਏ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਪੁੱਡਾ ਦੇ ਮੁੱਖ ਪ੍ਰਸ਼ਾਸਕ ਦੀ ਅਰਥੀ ਫੂਕੀ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਭੁੱਖ ਹੜਤਾਲ ’ਤੇ ਬੈਠੇ ਪਰਮਜੀਤ ਸਿੰਘ, ਜੇ ਈ ਨਰਾਤਾ ਰਾਮ, ਸੁਰੇਸ਼ ਸ਼ਰਮਾ, ਸੁਪਰਵਾਈਜ਼ਰ ਚਰਨ ਸਿੰਘ ਅਤੇ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ, ਜਨਰਲ ਸਕੱਤਰ ਸੀਸ਼ਨ ਕੁਮਾਰ, ਮੀਤ ਪ੍ਰਧਾਨ ਜਰਨੈਲ ਸਿੰਘ ਅਤੇ ਵਿੱਤ ਸਕੱਤਰ ਸ਼ਿੰਗਾਰਾ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਪੁੱਡਾ ਵਿਭਾਗ ਵਿੱਚ ਪਹਿਲੀ ਅਪਰੈਲ 2004 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਬੋਨਸ/ਐਕਸਗ੍ਰੇਸ਼ੀਆ ਦਾ ਦੋ ਸਾਲਾਂ ਦਾ ਬਕਾਇਆ ਦੇਣ, ਪੁੱਡਾ ਵਿਭਾਗ ਅਤੇ ਹੋਰ ਅਥਾਰਿਟੀਆਂ ਵਿੱਚ ਪਿਛਲੇ 5, 10 ਜਾਂ 15 ਸਾਲਾਂ ਤੋਂ ਕੰਮ ਕਰ ਰਹੇ ਡੇਲੀਵੇਜ, ਆਊਟਸੋਰਸ ਅਤੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ।
ਉਨ੍ਹਾਂ ਸੇਵਾਮੁਕਤ ਕਰਮਚਾਰੀਆਂ ਦੇ ਮੈਡੀਕਲ ਬਿੱਲਾਂ ਦੀ ਤੁਰੰਤ ਅਦਾਇਗੀ ਕਰਨ, ਪੁੱਡਾ ਕਰਮਚਾਰੀਆਂ ਨੂੰ ਮਿਲਦਾ 25 ਫੀਸਦੀ ਮਕਾਨ ਭੱਤਾ ਬਹਾਲ ਕਰਨ, ਵਿਭਾਗ ਦੇ ਖਾਲੀ ਫਲੈਟ ਮੁਲਾਜ਼ਮਾਂ ਨੂੰ ਦੇਣ ਤੇ ਪੈਨਸ਼ਨਰਾਂ ਦੇ ਬਕਾਏ ਸਮੇਂ ਸਿਰ ਦੇਣ ਦੀ ਵੀ ਮੰਗ ਕੀਤੀ। ਧਰਨੇ ਨੂੰ ਤਰਲੋਚਨ ਸਿੰਘ, ਦਵਾਰਕਾ ਪ੍ਰਸ਼ਾਦ, ਪ੍ਰਵੀਨ ਕੁਮਾਰ, ਮੰਗਤ ਰਾਮ, ਮਨਦੀਪ ਸਿੰਘ, ਹਰਜੀਤ ਸਿੰਘ, ਰਵਦੀਪ ਸਿੰਘ, ਅਮਰਜੀਤ ਵਿੱਕੀ, ਰਾਜੂ ਕੁਮਾਰ, ਪਾਲ ਸਿੰਘ ਨੇ ਵੀ ਸੰਬੋਧਨ ਕੀਤਾ।

