ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਸਿੰਗਲ ਵਿੰਡੋ ਸੇਵਾਵਾਂ ਦਾ ਨਿਰੀਖਣ
ਰਿਟਾਇਰੀ ਅਧਿਕਾਰੀਆਂ ਲਈ ਸਿੰਗਲ ਵਿੰਡੋ ‘ਤੇ ਵਿਸ਼ੇਸ਼ ਕੈਬਿਨ ਬਣਾਇਆ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਆਮ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਿੰਗਲ ਵਿੰਡੋ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਿੰਗਲ ਵਿੰਡੋ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਕੂਲਾਂ ਦੇ ਨੁਮਇੰਦਿਆਂ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ’ਤੇ ਸੁਣਿਆ ਅਤੇ ਮੌਕੇ ’ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਸਿੰਗਲ ਵਿੰਡੋ ’ਤੇ ਚੇਅਰਮੈਨ ਨੇ ਨਿੱਜੀ ਤੌਰ ‘ਤੇ ਦੂਰ-ਦਰਾਜ ਤੋਂ ਆਏ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਨਾਮ ਦੀ ਸੋਧ, ਮਾਤਾ ਦੇ ਨਾਮ ਦੀ ਸੋਧ, ਜਨਮ ਮਿਤੀ ਦੀ ਸੋਧ, ਟਰਾਂਸਕ੍ਰਿਪਟ, ਵੈਰੀਫਿਕੇਸ਼ਨ ਲਈ ਦਫ਼ਤਰ ਆਏ ਹਨ। ਚੇਅਰਮੈਨ ਨੇ ਤੁਰੰਤ ਸਬੰਧਤ ਕਰਮਚਾਰੀਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਵਿਦਿਆਰਥੀਆਂ ਦੇ ਸਾਹਮਣੇ ਉਨ੍ਹਾਂ ਦਾ ਹੱਲ ਕਰਵਾਇਆ। ਇਸ ਮੌਕੇ ਸਿੰਗਲ ਵਿੰਡੇ ਵਿਖੇ ਬੋਰਡ ਦੇ ਕੁੱਝ ਰਿਟਾਇਰੀ ਅਧਿਕਾਰੀਆਂ ਨੇ ਵੀ ਆਪਣੀਆਂ ਸਮੱਸਿਆਵਾਂ ਬੋਰਡ ਚੇਅਰਮੈਨ ਦੇ ਧਿਆਨ ਵਿੱਚ ਲਿਆਂਦੀਆਂ। ਉਨ੍ਹਾਂ ਇਸ ਦਾ ਹੱਲ ਕਰਦੇ ਹੋਏ ਸਿੰਗਲ ਵਿੰਡੋ ਵਿਖੇ ਵਿਸ਼ੇਸ਼ ਕੈਬਿਨ ਰਿਟਾਇਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਬੈਠਣ ਲਈ ਅਲਾਟ ਕੀਤਾ। ਉਨ੍ਹਾਂ ਸੁਪਰਡੈਂਟ ਸਿੰਗਲ ਵਿੰਡੋ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਸਮੱਸਿਆਵਾਂ ਸਿੰਗਲ ਵਿੰਡੋ ਵਿਖੇ ਹੀ ਹੱਲ ਕੀਤੀਆਂ ਜਾਣ ਤਾਂ ਜੋ ਰਿਟਾਇਰੀ ਅਧਿਕਾਰੀਆਂ ਨੂੰ ਵੱਖ-ਵੱਖ ਸ਼ਾਖਾਵਾਂ ਵਿੱਚ ਜਾ ਕੇ ਪ੍ਰੇਸ਼ਾਨ ਨਾ ਹੋਣਾ ਪਵੇ।

