ਸਾਫ਼ ਪਾਣੀ ਨਾ ਮਿਲਣ ਕਾਰਨ ਥੂਹਾ ਵਾਸੀਆਂ ਵੱਲੋਂ ਨਾਅਰੇਬਾਜ਼ੀ
ਕਰਮਜੀਤ ਸਿੰਘ ਚਿੱਲਾ
ਬਨੂੜ, 5 ਦਸੰਬਰ
ਇੱਥੋਂ ਨੇੜਲੇ ਪਿੰਡ ਥੂਹਾ ਦੇ ਦਰਜਨ ਦੇ ਕਰੀਬ ਵਾਸੀਆਂ ਨੇ ਪਿੰਡ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪਿੰਡ ਵਾਸੀ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਵਿਭਾਗ ਉੱਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ।
ਇਸ ਬਾਰੇ ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਮੰਗਾ, ਪ੍ਰੇਮ ਚੰਦ, ਪਰਮਜੀਤ ਸਿੰਘ, ਨੰਦ ਸਿੰਘ, ਸਾਧੂ ਸਿੰਘ, ਦਿਲਬਰ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ, ਹਾਕਮ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਹਫ਼ਤਿਆਂ ਤੋਂ ਪੀਣ ਵਾਲਾ ਪਾਣੀ ਖ਼ਰਾਬ ਆ ਰਿਹਾ ਹੈ। ਵਾਟਰ ਸਪਲਾਈ ਵਾਲੇ ਟਿਊਬਵੈੱਲ ਕੋਲ ਕਈ ਮਹੀਨਿਆਂ ਤੋਂ ਗੰਦਾ ਪਾਣੀ ਖੜ੍ਹਾ ਹੈ ਤੇ ਪਾਣੀ ਸਪਲਾਈ ਕਰਨ ਵਾਲਾ ਪਾਈਪ ਲੀਕ ਹੋ ਜਾਣ ਕਾਰਨ ਇਹ ਪਾਣੀ ਮਿਲ ਕੇ ਪਿੰਡ ਵਿੱਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਮਾਮਲੇ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਹੋਣ ਕਾਰਨ ਵਾਟਰ ਸਪਲਾਈ ਕਰਨ ਵਾਲੇ ਟਿਊਬਵੈੱਲ ਦੇ ਆਲੇ ਦੁਆਲੇ ਦੂਸ਼ਿਤ ਪਾਣੀ ਇਕੱਠਾ ਹੋ ਗਿਆ ਹੈ, ਜਿਸ ਦਾ ਜਲਦੀ ਹੀ ਨਿਕਾਸ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਸਪਲਾਈ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ।
ਜਲ ਸਪਲਾਈ ਵਿਭਾਗ ਦੇ ਜੇਈ ਜੋਤ ਸਿੰਘ ਨੇ ਵੀ ਇਸ ਸਬੰਧੀ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਹੁਣ ਮਾਮਲਾ ਧਿਆਨ ਵਿੱਚ ਆ ਗਿਆ ਹੈ, ਉਹ ਜਲਦੀ ਹੀ ਟਿਊਬਵੈਲ ਨੇੜੇ ਖੜ੍ਹੇ ਗੰਦੇ ਪਾਣੀ ਦਾ ਨਿਕਾਸ ਕਰਵਾ ਕੇ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਯਕੀਨੀ ਬਣਾਉਣਗੇ।