ਡੀਐੱਸਪੀ ਨੇ ਸ਼ਿਕਾਇਤਾਂ ਸੁਣੀਆਂ
ਸਰਬਜੀਤ ਸਿੰਘ ਭੱਟੀ
ਲਾਲੜੂ , 18 ਜਨਵਰੀ
ਐਸਐਸਪੀ ਮੁਹਾਲੀ ਵੱਲੋਂ ਪੰਜਾਬ ਪੁਲੀਸ ਪ੍ਰੋਜੈਕਟ ਸੰਪਰਕ ਦੀ ਲੜੀ ਵਜੋਂ ਚਲਾਈ ਗਈ ਮੁਹਿੰਮ ਤਹਿਤ ਡੀਐਸਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਅੱਜ ਲਾਲੜੂ ਥਾਣੇ ਵਿੱਚ ਪੁੱਜੇ ਤੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਮੌਕੇ ’ਤੇ 50 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ।
ਮੀਟਿੰਗ ਦੌਰਾਨ ਸ੍ਰੀ ਬਰਾੜ ਨੇ ਲੋਕਾਂ ਨੂੰ ਸਥਾਨਕ ਮੁਸ਼ਕਲਾਂ ਦਾ ਹੱਲ ਕਰਨ ਲਈ ਪੁਲੀਸ ਤੇ ਨਾਗਰਿਕਾਂ ਵਿਚਕਾਰ ਵਿਸ਼ਵਾਸ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਲੋਕਾਂ ਨੂੰ ਸਾਈਬਰ ਕਰਾਇਮ ਅਤੇ ਟਰੈਫਿਕ ਨਿਯਮਾਂ ਸਬੰਧੀ ਵੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦਿਓ ਅਤੇ ਇਹ ਵੀ ਦੱਸਿਆ ਗਿਆ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਉਸ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਮੌਕੇ ਥਾਣਾ ਮੁਖੀ ਲਾਲੜੂ ਆਕਾਸ਼ ਸ਼ਰਮਾ ਮੌਜੂਦ ਸਨ।
ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਗੁਲਾਬ ਦੇ ਫੁੱਲ ਭੇਟ
ਮੁਹਾਲੀ (ਪੱਤਰ ਪ੍ਰੇਰਕ): ਜ਼ਿਲ੍ਹਾ ਟਰੈਫ਼ਿਕ ਪੁਲੀਸ ਵੱਲੋਂ ਸ਼ਹਿਰ ਵਿੱਚ ਨਿਵੇਕਲੇ ਤਰੀਕੇ ਨਾਲ ਰਾਹਗੀਰਾਂ ਨੂੰ ਜਿੱਥੇ ਟਰੈਫ਼ਿਕ ਨਿਯਮਾਂ ਦਾ ਪਾਠ ਪੜਾਇਆ ਉੱਥੇ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ ਦੀ ਅਗਵਾਈ ਹੇਠ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਅਤੇ ਪੁਲੀਸ ਕਰਮਚਾਰੀਆਂ ਵੱਲੋਂ ਮੁਹਾਲੀ ਏਅਰਪੋਰਟ ਸੜਕ ’ਤੇ ਆਈਸਰ ਲਾਲ ਬੱਤੀ ਪੁਆਇੰਟ ’ਤੇ ਸ਼ਹਿਰ ਵਾਸੀਆਂ ਅਤੇ ਹੋਰਨਾਂ ਰਾਹਗੀਰਾਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਟਰੈਫ਼ਿਕ ਜ਼ੋਨ-3 ਦੇ ਇੰਚਾਰਜ ਏਐਸਆਈ ਸੁਰਿੰਦਰ ਸਿੰਘ, ਵਿੰਗ ਕਮਾਂਡਰ ਜੇਐਸ ਖੋਖਰ, ਵਿੰਗ ਕਮਾਂਡਰ ਗਰੇਵਾਲ ਅਤੇ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਅਤੇ ਐਨਸੀਸੀ ਕੈਡਿਟਾਂ ਨੇ ਭਾਗ ਲਿਆ। ਡੀਐਸਪੀ ਨੇ ਅਪੀਲ ਕੀਤੀ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ।