ਯੂਟੀ ’ਚ ਤਾਇਨਾਤ ਡੀ ਐੱਸ ਈ ਤੇ ਡੀ ਐੱਚ ਈ ਪੰਜਾਬ ਭੇਜੇ
ਆੲੀ ਏ ਐੱਸ ਬਣਨ ਤੋਂ ਬਾਅਦ ਪਿਤਰੀ ਰਾਜ ਭੇਜਿਅਾ; ਅਮਨਦੀਪ ਭੱਟੀ ਨੂੰ ਸਕੂਲ ਸਿੱਖਿਆ ਦੇ ਡਾਇਰੈਕਟਰ ਬਣਾਇਆ
ਯੂਟੀ ਵਿੱਚ ਤਾਇਨਾਤ ਪੰਜਾਬ ਸਿਵਲ ਸੇਵਾਵਾਂ (ਪੀ ਸੀ ਐੱਸ) ਦੇ ਦੋ ਅਧਿਕਾਰੀਆਂ ਨੂੰ ਬਦਲ ਕੇ ਅੱਜ ਪਿਤਰੀ ਰਾਜ ਪੰਜਾਬ ਭੇਜ ਦਿੱਤਾ ਗਿਆ ਹੈ। ਇਹ ਦੋਵੇਂ ਅਧਿਕਾਰੀ ਡਾਇਰੈਕਟਰ ਸਕੂਲ ਐਜੂਕੇਸ਼ਨ ਤੇ ਡਾਇਰੈਕਟਰ ਹਾਇਰ ਐਜੂਕੇਸ਼ਨ ਵਜੋਂ ਕੰਮ ਕਰ ਰਹੇ ਸਨ। ਇਨ੍ਹਾਂ ਅਧਿਕਾਰੀਆਂ ਦੀ ਥਾਂ ਪ੍ਰਸ਼ਾਸਨ ਨੇ ਅੱਜ ਇਨ੍ਹਾਂ ਦੀ ਥਾਂ ਪੰਜਾਬ ਕੇਡਰ ਦੇ ਅਧਿਕਾਰੀ ਅਮਨਦੀਪ ਸਿੰਘ ਭੱਟੀ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਨਿਯੁਕਤ ਕਰ ਦਿੱਤਾ ਹੈ ਤੇ ਦੂਜੇ ਪਾਸੇ ਹਰਿਆਣਾ ਦੀ ਅਧਿਕਾਰੀ ਰਾਧਿਕਾ ਸਿੰਘ ਨੂੰ ਡਾਇਰੈਕਟਰ ਹਾਇਰ ਐਜੂਕੇਸ਼ਨ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਆਈਏਐਸ ਦੀ ਤਰੱਕੀ ਤੋਂ ਬਾਅਦ ਅਧਿਕਾਰੀਆਂ ਦਾ ਪਿਤਰੀ ਰਾਜ ਜਾਣਾ ਜ਼ਰੂਰੀ ਹੁੰਦਾ ਹੈ ਤੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਅਧਿਕਾਰੀ ਆਉਣ ਵਾਲੇ ਸਮੇਂ ਵਿਚ ਚੰਡੀਗੜ੍ਹ ਵਿਚ ਮੁੜ ਡੈਪੂਟੇਸ਼ਨ ’ਤੇ ਆਉਣਗੇ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਡਾਇਰੈਕਟਰ ਹਾਇਰ ਐਜੂਕੇਸ਼ਨ ਵਜੋਂ ਰੁਬਿੰਦਰਜੀਤ ਸਿੰਘ ਬਰਾੜ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਹਰਸੁਹਿੰਦਰ ਪਾਲ ਸਿੰਘ ਬਰਾੜ ਤਾਇਨਾਤ ਸਨ ਜਿਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਆਈ ਏ ਐੱਸ ਅਧਿਕਾਰੀ ਬਣਾਇਆ ਗਿਆ ਸੀ। ਦੱਸਣਾ ਬਣਦਾ ਹੈ ਕਿ ਰੁਬਿੰਦਰਜੀਤ ਸਿੰਘ ਬਰਾੜ ਦਾ ਇਹ ਚੰਡੀਗੜ੍ਹ ਵਿਚ ਡੈਪੂਟੇਸ਼ਨ ’ਤੇ ਦੂਜਾ ਕਾਰਜਕਾਲ ਸੀ ਤੇ ਉਹ ਪਹਿਲਾਂ ਡਾਇਰੈਕਟਰ ਸਕੂਲ ਐਜੂਕੇਸ਼ਨ ਰਹਿ ਚੁੱਕੇ ਸਨ ਤੇ ਉਨ੍ਹਾਂ ਕੋਲ ਤਿੰਨ ਹੋਰ ਵਿਭਾਗਾਂ ਦਾ ਵਾਧੂ ਚਾਰਜ ਸੀ। ਦੂਜੇ ਪਾਸੇ ਹਰਸੁਹਿੰਦਰ ਪਾਲ ਸਿੰਘ ਬਰਾੜ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਤਾਇਨਾਤ ਸਨ ਤੇ ਉਨ੍ਹਾਂ ਕੋਲ ਆਬਕਾਰੀ ਤੇ ਕਰ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੀ। ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਅੱਜ ਹੁਕਮ ਜਾਰੀ ਕਰਦਿਆਂ ਕਿਹਾ ਕਿ ਅਮਨਦੀਪ ਸਿੰਘ ਭੱਟੀ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ, ਐਕਸਾਈਜ਼ ਤੇ ਟੈਕਸੇਸ਼ਨ ਦਾ ਵਾਧੂ ਚਾਰਜ, ਕਮਿਸ਼ਨਰ ਕਮ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਕਮ ਕੁਲੈਕਟਰ ਐਕਸਾਈਜ਼ ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਰਾਧਿਕਾ ਸਿੰਘ ਨੂੰ ਡੀਐਚਈ ਤੋਂ ਇਲਾਵਾ ਡਾਇਰੈਕਟਰ ਤਕਨੀਕੀ ਸਿੱਖਿਆ, ਪ੍ਰਾਜੈਕਟ ਡਾਇਰੈਕਟਰ ਐਜੂਸਿਟੀ, ਜੁਆਇੰਟ ਸਕੱਤਰ ਕੋਆਪਰੇਸ਼ਨ, ਕੰਟਰੋਲਰ ਕਮ ਜੁਆਇੰਟ ਸਕੱਤਰ ਪ੍ਰਿੰਟਿੰਗ ਤੇ ਸਟੇਸ਼ਨਰੀ ਲਾਇਆ ਗਿਆ ਹੈ।

