ਮੁਹਾਲੀ ਦੇ ਫੇਜ਼ ਗਿਆਰਾਂ ਤੋਂ ਧਰਮਗੜ੍ਹ ਨੂੰ ਹੋ ਕੇ ਏਅਰਪੋਰਟ ਰੋਡ ਤੇ ਚੜ੍ਹਦੀ ਸੜਕ ਵਿਚ ਫੇਜ਼ ਗਿਆਰਾਂ ਅਤੇ ਧਰਮਗੜ੍ਹ ਵਿਚਾਲੇ ਪੈਂਦੇ ਚੰਡੀਗੜ੍ਹ ਚੋਏ ਨੇੜੇ ਵੱਡਾ ਖੋਰਾ ਲੱਗ ਗਿਆ ਹੈ। ਮੁਹਾਲੀ ਦੇ ਸਨਅਤੀ ਤੇ ਹੋਰ ਖੇਤਰਾਂ ਵਿਚ ਚੰਡੀਗੜ੍ਹ ਤੋਂ ਆਉਂਦੇ ਚੋਏ ਵਿਚ ਸੁੱਟੇ ਹੋਏ ਪਾਣੀ ਦੇ ਨਿਕਾਸੀ ਪਾਈਪਾਂ ਦੇ ਪਾਣੀ ਅਤੇ ਬਰਸਾਤੀ ਪਾਣੀ ਕਾਰਨ ਸੜਕ ਵਿਚ ਵੱਡਾ ਪਾੜ ਪੈ ਗਿਆ ਹੈ, ਜਿਸ ਕਾਰਨ ਇੱਥੋਂ ਲੰਘਦੇ ਚੌਪਹੀਆ ਵਾਹਨਾਂ ਦੀ ਆਵਜਾਈ ਬੰਦ ਹੋ ਗਈ ਹੈ। ਕਈਂ ਪਿੰਡਾਂ ਦੀ ਆਵਜਾਈ ਨੂੰ ਹੁਣ ਮੁਹਾਲੀ ਤੇ ਏਅਰਪੋਰਟ ਰੋਡ ਵੱਲ ਆਉਣ ਜਾਣ ਲਈ ਕੰਬਾਲਾ ਨੂੰ ਘੁੰਮ ਕੇ ਜਾਣਾ ਪੈ ਰਿਹਾ ਹੈ।ਪਿੰਡ ਧਰਮਗੜ੍ਹ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਸੜਕ ਟੁੱਟਣ ਕਾਰਨ ਲੋਕੀਂ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਦਸ ਫੁੱਟ ਚੌੜੀ ਸੜਕ ਦੇ ਅੱਧ ਤੋਂ ਵੱਧ ਹਿੱਸੇ ਵਿਚ ਪਾੜ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਨਾਲ ਤਿੰਨ-ਚਾਰ ਫੁੱਟ ਸੜਕ ਦਾ ਲਾਂਘਾ ਬਾਕੀ ਬਚਿਆ ਹੈ, ਜਿਸ ਉੱਤੋਂ ਸਿਰਫ਼ ਸਾਈਕਲ ਜਾਂ ਮੋਟਰਸਾਈਕਲ ਹੀ ਲੰਘ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਸੜਕ ਦਾ ਬਾਕੀ ਹਿੱਸਾ ਵੀ ਪਾਣੀ ਵਿਚ ਵਹਿ ਜਾਵੇਗਾ ਅਤੇ ਇੱਥੋਂ ਦੁਪਹੀਆ ਵਾਹਨਾਂ ਦਾ ਲੰਘਣਾ ਵੀ ਬੰਦ ਹੋ ਜਾਵੇਗਾ।ਉਨ੍ਹਾਂ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਕਿ ਦਰਜਨ ਦੇ ਕਰੀਬ ਪਿੰਡਾਂ ਦੇ ਮੁਹਾਲੀ ਨੂੰ ਏਅਰਪੋਰਟ ਰੋਡ ਨਾਲ ਜੋੜਨ ਵਾਲੀ ਇਸ ਸੜਕ ਦੀ ਹਾਲਤ ਤੁਰੰਤ ਸੁਧਾਰੀ ਜਾਵੇ ਅਤੇ ਚੋਏ ਉੱਤੇ ਸੜਕ ਵਿਚ ਪਏ ਪਾੜ ਨੂੰ ਤੁਰੰਤ ਪੂਰਿਆ ਜਾਵੇ ਤਾਂ ਕਿ ਸੜਕੀ ਆਵਾਜਾਈ ਬਹਾਲ ਹੋ ਸਕੇ।