ਚੰਡੀਗੜ੍ਹ ਟ੍ਰਾਈਸਿਟੀ ਵਿੱਚ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਲੋਕ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਬਾਜ਼ਾਰਾਂ ਵਿੱਚ ਪਹੁੰਚ ਕੇ ਖ਼ਰੀਦਦਾਰੀ ਕਰ ਰਹੇ ਹਨ। ਇਸ ਕਰਕੇ ਟ੍ਰਾਈਸਿਟੀ ਵਿੱਚ ਥਾਂ-ਥਾਂ ’ਤੇ ਜਾਮ ਲੱਗੇ ਹੋਏ ਹਨ। ਸ਼ਹਿਰ ਵਿੱਚ ਜਾਮ ਲੱਗਣ ਕਰ ਕੇ ਲੋਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਹੋ ਹੀ ਹਾਲ ਜ਼ੀਰਕਪੁਰ, ਮੁਹਾਲੀ, ਪੰਚਕੂਲਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰਵਾਸੀਆਂ ਨੂੰ ਆਵਾਜਾਈ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਟਰੈਫਿਕ ਪੁਲੀਸ ਵੀ ਚੌਕਸ ਦਿਖਾਈ ਦੇ ਰਹੀ ਹੈ ਪਰ ਜਾਮ ਖੁੱਲ੍ਹਵਾਉਣ ’ਚ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਐਤਵਾਰ ਅਤੇ ਤਿਉਹਾਰ ਕਰ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪੈਰ ਰੱਖਣ ਲਈ ਵੀ ਥਾਂ ਨਹੀਂ ਹੈ। ਉੱਥੇ ਹੀ ਅੱਜ ਸੈਕਟਰ-17 ਪਲਾਜ਼ਾ ਵਿੱਚ ਵੀ ਰੌਣਕਾਂ ਲੱਗੀਆਂ ਰਹੀਆਂ। ਇਸ ਵਾਰ ਯੂਟੀ ਪ੍ਰਸ਼ਾਸਨ ਵੱਲੋਂ ਵੀ ਦੀਵਾਲੀ ਕਰ ਕੇ ਪਲਾਜ਼ਾ ਵਿੱਚ ਬਹੁਤ ਵਧੀਆ ਸਜਾਵਟ ਕੀਤੀ ਗਈ ਹੈ। ਇਸ ਨੂੰ ਦੇਖਣ ਲਈ ਸ਼ਹਿਰ ਭਰ ਤੋਂ ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਵੀ ਸ਼ਹਿਰ ਦੇ ਸੈਕਟਰ-29, 30, 20, 21, 18, 22, 32, 33, 34, 35, 45, 46, 41, 40, ਮਨੀਮਾਜਰਾ, ਦੜੂਆ, ਬਲਟਾਣਾ, ਖੁੱਡਾ ਲਾਹੌਰਾ, ਖੁੱਡਾ ਜੱਸੂ ਸਣੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਕੇ ਖ਼ਰੀਦਦਾਰੀ ਕਰ ਰਹੇ ਹਨ।
ਲੋਕ ਬਾਜ਼ਾਰਾਂ ਵਿੱਚੋਂ ਸਜਾਵਟ ਦਾ ਸਾਮਾਨ, ਦੀਵੇ, ਮੋਮਬੱਤੀਆਂ ਅਤੇ ਪੂਜਾ ਸਮੱਗਰੀ ਆਦਿ ਦੀ ਖ਼ਰੀਦ ਕਰ ਰਹੇ ਹਨ। ਇਸ ਕਰ ਕੇ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲੀਸ ਵੀ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਦੀ ਸੁਰੱਖਿਆ ’ਚ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੀ ਹੈ। ਪੁਲੀਸ ਬੁਲਾਰੇ ਨੇ ਲੋਕਾਂ ਨੂੰ ਪੁਲੀਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਲੋੜ ਪੈਣ ’ਤੇ 112 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਇਸ ਨੰਬਰ ਰਾਹੀਂ ਕਿਸੇ ਵੀ ਥਾਂ ’ਤੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈ ਜਾਣਗੀਆਂ।
ਪਟਾਕਾ ਕਾਰੋਬਾਰੀਆਂ ਦੀ ਦੁਕਾਨਾਂ ’ਤੇ ਭੀੜ ਲੱਗੀ
ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁਲ ਵਿੱਚ ਦੋ ਘੰਟੇ ਰਾਤ ਅੱਠ ਤੋਂ 10 ਵਜੇ ਤਕ ਪਟਾਕੇ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ’ਚ 12 ਥਾਵਾਂ ’ਤੇ 96 ਜਣਿਆਂ ਨੂੰ ਪਟਾਕਿਆਂ ਦਾ ਕਾਰੋਬਾਰ ਕਰਨ ਲਈ ਆਰਜ਼ੀ ਲਾਇਸੈਂਸ ਦਿੱਤੇ ਹਨ। ਇਸ ਵਾਰ ਲੋਕਾਂ ਵਿੱਚ ਪਟਾਕਿਆਂ ਦੀ ਖ਼ਰੀਦਦਾਰੀ ਸਬੰਧੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਉਧਰ, ਪਟਾਕਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਪਟਾਕਿਆਂ ਦੇ ਖ਼ਰੀਦਦਾਰ ਪਿਛਲੇ ਸਾਲ ਨਾਲੋਂ ਵੱਧ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਅਜਿਹਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫਾਇਰ ਬ੍ਰਿਗੇਡ ਅਤੇ ਟਰੈਫਿਕ ਪੁਲੀਸ ਨੇ ਚੌਕਸੀ ਵਧਾਈ
ਦੀਵਾਲੀ ਦੇ ਤਿਉਹਾਰ ਮੌਕੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ ’ਤੇ ਤੁਰੰਤ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਤੇ ਸ਼ਹਿਰ ਵਿੱਚੋਂ ਟਰੈਫਿਕ ਜਾਮ ਦੂਰ ਕਰਨ ਲਈ ਟਰੈਫਿਕ ਪੁਲੀਸ ਦੇ ਮੁਲਾਜ਼ਮ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੇ ਹਨ। ਫਾਇਰ ਬ੍ਰਿਗੇਡ ਵੱਲੋਂ ਸ਼ਹਿਰ ’ਚ ਸੱਤ ਭੀੜ ਵਾਲੀਆਂ ਥਾਵਾਂ ’ਤੇ 24 ਘੰਟੇ ਗੱਡੀਆਂ ਸਣੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਭੀੜ-ਭਾੜ ਅਤੇ ਰਿਹਾਈਸ਼ੀ ਇਲਾਕਿਆਂ ਵਿੱਚ ਮੋਟਰਸਾਈਕਲਾਂ ਰਾਹੀ ਗਸ਼ਤ ਕੀਤੀ ਜਾਵੇਗੀ।