ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਡੇਢ ਮਹੀਨੇ ’ਚ ਮੁਕੰਮਲ ਹੋਵੇਗੀ ਮੁਆਵਜ਼ੇ ਦੀ ਵੰਡ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡਿਪਟੀ ਕਮਿਸ਼ਨਰਾਂ ਨਾਲ ਵਰਚੂਅਲ ਮੀਟਿੰਗ ਕਰਨ ਮਗਰੋਂ ਐਲਾਨ ਕੀਤਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਡੇਢ ਮਹੀਨੇ ਦੇ ਅੰਦਰ-ਅੰਦਰ ਵੰਡ ਦਿੱਤੀ ਜਾਵੇਗੀ ਅਤੇ ਪਹਿਲਾ ਚੈੱਕ ਇੱਕ ਮਹੀਨੇ ’ਚ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 30 ਤੋਂ 40 ਦਿਨਾਂ ’ਚ ਸਪੈਸ਼ਲ ਗਿਰਦਾਵਰੀ ਦਾ ਕੰਮ ਮੁਕੰਮਲ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਸਮਾਂ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦਾ ’ਕੱਲਾ ’ਕੱਲਾ ਪੈਸਾ ਲੋਕਾਂ ਨੂੰ ਮਿਲ ਨਹੀਂ ਜਾਂਦਾ ਉਦੋਂ ਤੱਕ ਉਹ ਨਾ ਖ਼ੁਦ ਚੈਨ ਨਾਲ ਸੌਣਗੇ ਅਤੇ ਨਾ ਹੀ ਅਧਿਕਾਰੀਆਂ ਨੂੰ ਸੌਣ ਦੇਣਗੇ। ਮਾਨ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਦੀਵਾਲੀ ਤੱਕ ਮੁਆਵਜ਼ਾ ਰਾਸ਼ੀ ਲੋਕਾਂ ਤੱਕ ਪਹੁੰਚ ਜਾਵੇਗੀ ਅਤੇ ਕਿਸੇ ਵੀ ਘਰ ਦਾ ਚੁੱਲ੍ਹਾ ਬੁੱਝਣ ਨਹੀਂ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਫ਼ਸਲਾਂ ਦੇ ਨੁਕਸਾਨ ਦਾ 20 ਹਜ਼ਾਰ ਰੁਪਏ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਮਜ਼ਦੂਰਾਂ ਦੀ ਮਦਦ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੁਕਸਾਨੇ ਪਸ਼ੂ ਦਾ 37,500 ਰੁਪਏ ਅਤੇ ਡਿੱਗੇ ਮਕਾਨਾਂ ਦਾ 40 ਹਜ਼ਾਰ ਰੁਪਏ ਪ੍ਰਤੀ ਘਰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਅੱਜ ਡਿਪਟੀ ਕਮਿਸ਼ਨਰਾਂ ਨੂੰ ਪਾਣੀ ਘਟਣ ’ਤੇ ਫ਼ੌਰੀ ਵਿਸ਼ੇਸ਼ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਖੇਤਾਂ ’ਚ ਚੜ੍ਹੀ ਰੇਤ ਨੂੰ ਹਟਾਉਣ ਲਈ ਪੰਜਾਬ ਸਰਕਾਰ ਨਵੀਆਂ ਜੇਸੀਬੀ ਮਸ਼ੀਨਾਂ ਖ਼ਰੀਦ ਰਹੀ ਹੈ ਅਤੇ ਇਹ ਮਸ਼ੀਨਾਂ ਨੂੰ ਰੇਤ ਹਟਾਉਣ ਲਈ ਦਿੱਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਚੋਂ 42 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਘੱਗਰ ਦਾ ਹਾਲੇ ਖ਼ਤਰਾ ਬਰਕਰਾਰ ਹੈ ਅਤੇ ਸਰਕਾਰ ਨੇ ਨਜਿੱਠਣ ਲਈ ਇੱਕ ਲੱਖ ਬੋਰੀ ਰੇਤ ਦੀ ਭਰ ਕੇ ਰੱਖੀ ਹੋਈ ਹੈ।
ਉਹ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਪੂਰਾ ਲੇਖਾ ਜੋਖਾ ਤਿਆਰ ਕਰਕੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਣਗੇ।
ਸਰਕਾਰ ਸੱਤਾ ’ਚ ਆਉਣ ਵੇਲੇ 1582 ਕਰੋੜ SDRF ਫੰਡ ਪ੍ਰਾਪਤ ਹੋਇਆ
ਮੁੱਖ ਮੰਤਰੀ ਨੇ 12 ਹਜ਼ਾਰ ਕਰੋੜ ਦੇ ਵਿਵਾਦਿਤ ਰਾਹਤ ਫ਼ੰਡਾਂ ਬਾਰੇ ਵੀ ਸਪਸ਼ਟ ਕਰਦਿਆਂ ਕਿ ‘ਆਪ’ ਸਰਕਾਰ ਦੇ ਸੱਤਾ ’ਚ ਆਉਣ ਮਗਰੋਂ ਸਟੇਟ ਡਿਜਾਸਟਰ ਰਿਸਪਾਂਸ ਫ਼ੰਡ ਤਹਿਤ 1582 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਿਸ ਚੋਂ 649 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਭਗਵੰਤ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਐਤਕੀਂ ਝੋਨੇ ਦੀ ਫ਼ਸਲ ਜਲਦ ਮੰਡੀਆਂ ’ਚ ਆ ਗਈ ਹੈ ਜਿਸ ਦੀ ਖ਼ਰੀਦ ਲਈ ਤਿਆਰੀਆਂ ਚੱਲ ਰਹੀਆਂ ਹਨ।
ਵਿਰੋਧੀ ਆਗੂਆਂ ਦੀਆਂ ਟਿੱਪਣੀਆਂ ਦਾ ਮੌੜਵਾਂ ਜਵਾਬ ਦਿੱਤਾ
ਇਸ ਮੌਕੇ ਮੁੱਖ ਮੰਤਰੀ ਨੇ ਵਿਰੋਧੀ ਆਗੂਆਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਵੀ ਜੁਆਬ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆਏ ਸਨ ਤਾਂ ਪਹਿਲੀ ਕਤਾਰ ’ਚ ਕਾਂਗਰਸ ਚੋਂ ਭਾਜਪਾ ’ਚ ਗਏ ਨੇਤਾ ਬੈਠੇ ਹੋਏ ਸਨ, ਜਦੋਂ ਕਿ ਅਸਲੀ ਭਾਜਪਾ ਵਾਲੇ ਚੌਥੇ ਪੰਜਵੀਂ ਕਤਾਰ ’ਚ ਬਿਰਾਜਮਾਨ ਸਨ।
ਉਨ੍ਹਾਂ ਸੁਨੀਲ ਜਾਖੜ ਨੂੰ ਮੁਖ਼ਾਤਬ ਹੁੰਦੇ ਆਖਿਆ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਹ ਸ਼ਖ਼ਸ ਨੇ ਜਿਨ੍ਹਾਂ ਨੇ ਬੀਬੀ ਰਜਿੰਦਰ ਕੌਰ ਭੱਠਲ ਦੇ ਰਿਸ਼ਤੇਦਾਰ ਨੂੰ ਹਰਾਇਆ। ਉਨ੍ਹਾਂ ਇਹ ਵੀ ਕਿਹਾ ਕਿ ‘ਸਾਡੇ ਨਾਮ ਸਿੱਖ ਲਓ, ਅੱਗੇ ਵੀ ਆਵਾਂਗੇ।’
ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਬੀਜ ਦੇਣ ਦੇ ਕੀਤੇ ਐਲਾਨ ਤੇ ਤਨਜ਼ ਕਰਦਿਆਂ ਕਿਹਾ ਕਿ ‘ਕਿਸਾਨ ਚੌਕਸ ਰਹਿਣ ਕਿਉਂਕਿ ਸੁਖਬੀਰ ਬਾਦਲ ਬੀਜ ਵੀ ਨਕਲੀ ਹੀ ਦੇਵੇਗਾ।’ ਮੁੱਖ ਮੰਤਰੀ ਨੇ ਕਿਹਾ ‘ਸਾਬਕਾ ਖੇਤੀ ਮੰਤਰੀ ਮਰਹੂਮ ਤੋਤਾ ਸਿੰਘ ਵੇਲੇ ਦਾ ਬੀਜ ਘੁਟਾਲ਼ਾ ਕੋਈ ਭੁੱਲਿਆ ਨਹੀਂ ਅਤੇ ਸੁਖਬੀਰ ਬਾਦਲ ਕਿਤੇ ‘ਤੋਤਾ ਸਿੰਘ ਮੈਮੋਰੀਅਲ ਬੀਜ’ ਹੀ ਕਿਸਾਨਾਂ ਨੂੰ ਨਾ ਵੰਡ ਦੇਵੇ।’