‘ਆਪ’ ਸਰਕਾਰ ਤੋਂ ਸਮੁੱਚੇ ਵਰਗਾਂ ਦਾ ਮੋਹ ਭੰਗ: ਭਲਵਾਨ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 16 ਜੂਨ
ਕਾਂਗਰਸ ਪਾਰਟੀ ਦੇ ਪੰਚਾਇਤੀ ਰਾਜ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਆਖਿਆ ਕਿ ‘ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਹਰ ਵਰਗ ਵੱਲੋਂ ਦਿੱਤੇ ਜਾ ਰਹੇ ਧਰਨੇ ਇਸ ਦੀ ਪੁਸ਼ਟੀ ਕਰਦੇ ਹਨ। ਉਹ ਅੱਜ ਮੁਹਾਲੀ ਹਲਕੇ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਪੱਧਰ ਉੱਤੇ ਆਰੰਭੇ ਮੀਟਿੰਗਾਂ ਦੇ ਸਿਲਸਿਲੇ ਤਹਿਤ ਪਿੰਡ ਰੁੜਕਾ ਅਤੇ ਮਨੌਲੀ ਵਿੱਚ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ।
ਕਾਂਗਰਸੀ ਆਗੂ ਨੇ ਆਖਿਆ ਕਿ ਆਪ ਸਰਕਾਰ ਨੇ ਲੋਕਾਂ ਨਾਲ 2022 ਦੀਆਂ ਚੋਣਾਂ ਦੌਰਾਨ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਦੋਹਾਂ ਪਿੰਡਾਂ ਵਿਚ ਸ੍ਰੀ ਗਿੱਲ ਦਾ ਪਿੰਡ ਦੇ ਵਸਨੀਕਾਂ ਅਤੇ ਨੌਜਵਾਨਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਇਨ੍ਹਾਂ ਇਕੱਠਾਂ ਨੂੰ ਚਾਚਾ ਚਮਨ ਲਾਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਐਤਕੀਂ ਨੌਜਵਾਨਾਂ ਨੂੰ ਅੱਗੇ ਲਿਆ ਰਹੀ ਹੈ।
ਇਸ ਮੌਕੇ ਗੁਰਜੀਤ ਸਿੰਘ ਮਨੌਲੀ, ਗੁਰਪ੍ਰੀਤ ਸਿੰਘ ਪਿੱਤਾ, ਬਿੰਦਰ ਪਹਿਲਵਾਨ, ਗੁਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਦੈੜੀ, ਜਸਵੰਤ ਸਿੰਘ ਦੈੜੀ, ਸੁੱਖਾ ਸੋਹਾਣਾ ਤੇ ਹੋਰ ਪਤਵੰਤੇ ਹਾਜ਼ਰ ਸਨ।