ਦਿਸ਼ਾ ਟਰੱਸਟ ਨੇ ਸ਼ਾਨੋ-ਸ਼ੌਕਤ ਨਾਲ ਮਨਾਈਆਂ ਤੀਆਂ
ਦਿਸ਼ਾ ਵਿਮੈਨ ਵੈੱਲਫ਼ੇਅਰ ਟਰੱਸਟ ਵੱਲੋਂ ਸੂਬਾ ਪ੍ਰਧਾਨ ਹਰਦੀਪ ਕੌਰ ਅਤੇ ਡਾਇਰੈਕਟਰ ਵਿਕਰਮ ਪੁਰੀ ਦੇ ਸਹਿਯੋਗ ਨਾਲ ਇੱਥੋਂ ਦੇ ਮੁਹਾਲੀ ਵਾਕ ਵਿਖੇ ਤੀਆਂ ਮਨਾਈਆਂ ਗਈਆਂ। ਇਸ ਮੌਕੇ ਰਵਾਇਤੀ ਪਹਿਰਾਵੇ ਅਤੇ ਰਵਾਇਤੀ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਸਮਾਰੋਹ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਧਰਮਪਤਨੀ ਗੁਰਪ੍ਰੀਤ ਕੌਰ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਰਾਜ ਲਾਲੀ ਗਿੱਲ, ਜਸਵੰਤ ਕੌਰ, ਜਗਜੀਤ ਕੌਰ ਕਾਹਲੋਂ, ਜਸਕਿਰਨ ਕੌਰ ਸ਼ੇਰ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਲੋਕ ਗਾਇਕਾ ਆਰ ਦੀਪ ਰਮਨ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿਚ ਮਹਿਲਾਵਾਂ ਨੇ ਖੂਬ ਗਿੱਧਾ ਪਾਇਆ।ਇਸ ਮੌਕੇ ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਨਰਿੰਦਰ ਕੌਰ ਨੇ ਮਿਸਿਜ਼ ਤੀਜ ਦਾ ਖਿਤਾਬ ਹਾਸਿਲ ਕੀਤਾ। ਇਸ ਮੌਕੇ ਸਤਵੰਤ ਕੌਰ ਜੌਹਲ ਤੇ ਐਡਵੋਕੇਟ ਰੁਪਿੰਦਰਪਾਲ ਕੌਰ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ।ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ 17 ਮਹਿਲਾਵਾਂ ਜਿਨ੍ਹਾਂ ਵਿਚ ਡਾ. ਰਵੀਨਾ ਸੂਰੀ, ਐਮਸੀ ਰਮਨਦੀਪ ਕੌਰ, ਐਮਸੀ ਹਰਜਿੰਦਰ ਕੌਰ, ਗੁਰਪ੍ਰੀਤ ਕੌਰ ਉੱਭਾ, ਮਮਤਾ ਧਾਲੀਵਾਲ, ਜਤਿੰਦਰ ਕੌਰ ਆਦਿ ਦਾ ਸਨਮਾਨ ਕੀਤਾ ਗਿਆ।
ਕੁਰਾਲੀ (ਮਿਹਰ ਸਿੰਘ): ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਪੀਂਘ ਦਾ ਆਨੰਦ ਮਾਣਿਆ ਅਤੇ ਗਿੱਧੇ ਦੀਆਂ ਰੌਣਕਾਂ ਲਗਾਈਆਂ।
ਪ੍ਰਿੰਸੀਪਲ ਬੰਦਨਾ ਪੁਰੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਵਿਦਿਆਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਅਤੇ ਸਭਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ ਅਤੇ ਵਿਰਸੇ ਨੂੰ ਸੰਭਾਲਣ ਦਾ ਸੱਦਾ ਦਿੱਤਾ। ਇਸੇ ਦੌਰਾਨ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਚਰਖੇ, ਚੱਕੀ ਅਤੇ ਪੀਂਘ ਆਦਿ ਨੂੰ ਸਜ਼ਾ ਕੇ ਵਿਦਿਆਰਥੀਆਂ ਲਈ ਪ੍ਰਦਰਸ਼ਿਤ ਕੀਤਾ ਗਿਆ। ਇਸੇ ਸਬੰਧ ਵਿੱਚ ਵਿਦਿਆਰਥਣਾਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਦਕਿ ਅੰਤ ਵਿੱਚ ਵਿਦਿਆਰਥਣਾਂ ਤੇ ਅਧਿਆਪਕਾਵਾਂ ਨੇ ਰਲ਼ ਕੇ ਗਿੱਧਾ ਪਾਉਂਦਿਆਂ ਧਮਾਲਾਂ ਪਾਈਆਂ। ਪ੍ਰਿੰਸੀਪਲ ਬੰਦਨਾ ਪੁਰੀ ਨੇ ਅਜੋਕੇ ਯੁੱਗ ਵਿੱਚ ਅਲੋਪ ਹੋ ਰਹੇ ਸੱਭਿਆਚਾਰ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣਾ ਸਮੇਂ ਦੀ ਵੱਡੀ ਲੋੜ ਅਤੇ ਸਭਨਾਂ ਦੀ ਜ਼ਿੰਮੇਵਾਰੀ ਹੈ।
ਖਰੜ (ਸ਼ਸ਼ੀ ਪਾਲ ਜੈਨ): ਜੰਡਪੁਰ ਵਿੱਚ ਪਿੰਡ ਦੀਆਂ ਔਰਤਾਂ ਤੇ ਛੋਟੀਆਂ ਬੱਚੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਸਵਰਨਜੀਤ ਕੌਰ ਤੇ ਵਾਰਡ ਦੇ ਕੌਂਸਲਰ ਗੋਵਿੰਦਰ ਸਿੰਘ ਚੀਮਾ ਨੇ ਸਮਾਗਮ ਦਾ ਉਦਘਾਟਨ ਕੀਤਾ। ਔਰਤਾਂ ਨੇ ਪੀਂਘਾਂ ਝੂਟ ਕੇ ਬੋਲੀਆਂ ਪਾਈਆਂ। ਸਮਾਗਮ ਵਿੱਚ ਮੁੱਖ ਪ੍ਰਬੰਧਕ ਗਿਆਨੀ ਰਣਧੀਰ ਸਿੰਘ ਫੌਜੀ, ਗਿਆਨੀ ਰਘਵੀਰ ਸਿੰਘ, ਅਮਰਜੀਤ ਸਿੰਘ, ਰੇਨੂ ਕਰਬਲ, ਪਿੰਕੀ ਵਰਮਾ, ਜਸਵਿੰਦਰ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ, ਪ੍ਰੀਤਮ ਕੌਰ ਅਤੇ ਅਵਤਾਰ ਕੌਰ ਹਾਜ਼ਰ ਸਨ। ਇਸੇ ਦੌਰਾਨ ਸ਼ਿਵਾਲਿਕ ਸਿਟੀ ਲੇਡੀਜ਼ ਕਲੱਬ ਵੱਲੋਂ ਤੀਜ ਦਾ ਤਿਉਹਾਰ ਕਾਫ਼ੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਅਤੇ ਸੁੰਦਰ ਪ੍ਰਬੰਧ ਨੇਹਾ ਵਿਜ, ਏਕਤਾ ਵਿਜ, ਜਸਵਿੰਦਰ, ਰਾਜਵਿੰਦਰ, ਜੋਤੀ, ਪ੍ਰੀਤੀ ਅਤੇ ਕਲੱਬ ਦੀਆਂ ਹੋਰ ਸਰਗਰਮ ਮੈਂਬਰਾਂ ਨੇ ਕੀਤੀ।
ਮੋਰਿੰਡਾ (ਸੰਜੀਵ ਤੇਜਪਾਲ): ਪਿੰਡ ਢੰਗਰਾਲੀ ਵਿੱਚ ਸੂਵੀ ਇੰਡਸਟਰੀਜ਼ ਦੀਆ ਮਹਿਲਾਵਾਂ ਵੱਲੋਂ ਤੀਆਂ ਮਨਾਈਆਂ ਗਈਆਂ। ਇਹ ਪ੍ਰੋਗਰਾਮ ਸੂਵੀ ਇੰਡਸਟਰੀਜ਼ ਦੇ ਡਾਇਰੈਕਟਰ ਮੇਘਾ ਰਾਣੀ ਵੱਲੋਂ ਸਮੂਹ ਮਹਿਲਾ ਸਟਾਫ਼ ਨਾਲ ਮਿਲ ਕੇ ਉਲੀਕਿਆ ਗਿਆ ਸੀ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਸਟਾਫ ਦੀਆ ਮੁਟਿਆਰਾਂ ਵੱਲੋਂ ਪੁਰਾਣੇ ਪਹਿਰਾਵੇ ਵਿੱਚ ਰਸਮੀ ਤੌਰ ’ਤੇ ਨੱਚ ਟੱਪ ਕੇ ਕੀਤੀ ਗਈ। ਇਸ ਮੌਕੇ ਬੋਲੀਆਂ, ਲੋਕ ਨਾਚ, ਗਿੱਧਾ ਪੇਸ਼ ਕੀਤਾ ਗਿਆ। ਔਰਤਾਂ ਨੇ ਪੀਂਘਾਂ ਝੂਟੀਆਂ ਅਤੇ ਚਰਖਾ ਕੱਤਿਆ।
ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਮਨਾਈਆਂ ਤੀਆਂ
ਡੇਰਾਬੱਸੀ (ਹਰਜੀਤ ਸਿੰਘ): ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਵੱਲੋਂ ਅੱਜ ਤੀਜ ਦੇ ਤਿਉਹਾਰ ਮੌਕੇ ਇੱਕ ਪ੍ਰੋਗਰਾਮ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਪਤਨੀ ਵਰਿੰਦਰ ਕੌਰ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਤੀਜ ਦੀ ਵਿਧਾਈ ਦਿੱਤੀ। ਇਸ ਮੌਕੇ ਮਹਿੰਦੀ, ਗੀਤ ਸੰਗੀਤ, ਰੰਗਾਰੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਔਰਤਾਂ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਸੈਲਫ਼ੀ ਪੁਆਇੰਟ ਵੀ ਬਣਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਭਰਾ ਪਰਮਜੀਤ ਸਿੰਘ ਗੋਗਾ ਰੰਧਾਵਾ ਦੀ ਪਤਨੀ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਧੀ ਆਕਾਸ਼ਦੀਪ ਕੌਰ ਰੰਧਾਵਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।