ਕੁਲਦੀਪ ਸਿੰਘ
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਇਥੇ ਸੈਕਟਰ-35 ਵਿੱਚ ਹੋਈ, ਜਿਸ ’ਚ ਡਾ. ਸੁਖਦੇਵ ਸਿੰਘ ਸਿਰਸਾ ਦੇ ਕਾਵਿ ਸੰਗ੍ਰਹਿ ‘ਕਵਿਤਾ ਦਾ ਦੇਸ’ ਬਾਰੇ ਚਰਚਾ ਕੀਤੀ ਗਈ। ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮਗਰੋਂ ਪਿਛਲੇ ਮਹੀਨੇ ਦੀ ਕਾਰਵਾਈ ਪੜ੍ਹੀ ਅਤੇ ਪ੍ਰਵਾਨ ਕੀਤੀ ਗਈ। ਮੀਟਿੰਗ ਦੀ ਕਾਰਵਾਈ ਬਾਰੇ ਸਰਦਾਰਾ ਸਿੰਘ ਚੀਮਾ ਨੇ ਦੱਸਿਆ ਕਿ ਸ਼ੁਰੂਆਤ ਤਿੰਨ ਨੇਤਰਹੀਣ ਵਿਦਿਆਰਥੀਆਂ ਨਰੇਸ਼ ਕੁਮਾਰ, ਰੋਹਿਤ ਭਾਟੀਆ ਤੇ ਸ਼ਿਵਮ ਦੀਆਂ ਕਵਿਤਾਵਾਂ ਨਾਲ ਹੋਈ। ਡਾ. ਸੁਖਦੇਵ ਸਿੰਘ ਸਿਰਸਾ ਦੇ ਕਾਵਿ ਸੰਗ੍ਰਹਿ ‘ਕਵਿਤਾ ਦਾ ਦੇਸ’ ਬਾਰੇ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਹ ਮਨੁੱਖ ਦੀ ਤਲਾਸ਼ ਦੇ ਸੰਘਰਸ਼ ਦੀ ਸ਼ਾਇਰੀ ਹੈ। ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਮਨੁੱਖ ’ਚ ਵੱਧ ਰਹੀ ਬੇਗਾਨਗੀ ਸਾਡੇ ਸਮਿਆਂ ਦਾ ਚਿੰਨ੍ਹ ਬਣ ਗਈ ਹੈ। ਕਵੀ ਦਾ ਪੱਥਰ ਨਗਰੀ ਵਿੱਚ ਜੀਅ ਨਹੀਂ ਲੱਗਦਾ ਅਤੇ ਉਸ ਅੰਦਰ ਮਾਰੂਥਲ ਹੈ। ਉਸ ਕੋਲ ਹਜ਼ਾਰਾਂ ਨਗਮਿਆਂ ਦੀ ਦੌਲਤ ਹੈ। ਔਖੇ ਸਮੇਂ ਵਿੱਚ ਕਵਿਤਾ ਕਵੀ ਨੂੰ ਢਾਰਸ ਦਿੰਦੀ ਹੈ। ਡਾ. ਸਰਬਜੀਤ ਸਿੰਘ, ਡਾ. ਰਾਜੇਸ਼ ਜੈਸਵਾਲ, ਡਾ. ਕਾਂਤਾ ਇਕਬਾਲ, ਜੈਪਾਲ, ਡਾ. ਹਰਮੇਲ ਸਿੰਘ ਤੇ ਗੁਰਨਾਮ ਕੰਵਰ ਨੇ ਵੀ ਵਿਚਾਰ ਸਾਂਝੇ ਕੀਤੇ। ਡਾ. ਸਿਰਸਾ ਨੇ ਕਿਹਾ ਕਿ ਹਰੀ ਕ੍ਰਾਂਤੀ ਦੀ ਅਸਫ਼ਲਤਾ ਅਤੇ ਅਸਾਵੇਂ ਵਿਕਾਸ ਦੇ ਸਰਮਾਏਦਾਰੀ ਮਾਡਲ ਨੇ ਸੀਮਾਂਤ ਕਿਸਾਨੀ ਤੇ ਸ਼ਹਿਰੀ ਮੱਧ ਸ਼੍ਰੇਣੀ ਦਾ ਮੋਹ ਭੰਗ ਕੀਤਾ ਹੈ।
ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਸਮੇਂ ਕਿਹਾ ਕਿ ਡਾ. ਸਿਰਸਾ ਅਗਾਂਹਵਧੂ ਕਵੀ ਹੈ। ਡਾ. ਅਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਵਿਤਾ ਯੂਨੀਵਰਸਿਟੀਆਂ ਦੇ ਸਿਲੇਬਸ ’ਚ ਲੱਗਣੀ ਚਾਹੀਦੀ ਹੈ। ਮੀਟਿੰਗ ’ਚ 65 ਤੋਂ ਵੱਧ ਸਾਹਿਤ ਚਿੰਤਕਾਂ ਨੇ ਹਿੱਸਾ ਲਿਆ।

