ਚੰਡੀਗੜ੍ਹ ਵਾਸੀਆਂ ਲਈ ਜਾਨ ਦਾ ਖੌਅ ਬਣੀਆਂ ਖਸਤਾ ਹਾਲ ਸੜਕਾਂ
ਸੈਕਟਰ-26 ਦੀ ਮੰਡੀ ਵਿੱਚ ਟੁੱਟੀਅਾਂ ਸਡ਼ਕਾਂ ਤੋਂ ਵਪਾਰੀ ਤੇ ਖਰੀਦਦਾਰ ਪ੍ਰੇਸ਼ਾਨ; ਹੋਰ ਸੈਕਟਰਾਂ ’ਚ ਸੜਕਾਂ ਦੀ ਹਾਲਤ ਮਾੜੀ
ਚੰਡੀਗੜ੍ਹ ਸ਼ਹਿਰ ਦੀਆਂ ਖਸਤਹਾਲ ਸੜਕਾਂ ਲੋਕਾਂ ਦੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ ਪਰ ਯੂਟੀ ਪ੍ਰਸ਼ਾਸਨ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਜਾਂ ਮੁਰੰਮਤ ਕਰਨ ਵਿੱਚ ਨਾਕਾਮ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਚੰਡੀਗੜ੍ਹ ਦੇ ਲੱਖਾਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਮੰਡੀ ਵਿੱਚ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਰਕੇ ਮੰਡੀ ਵਿੱਚ ਆਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੰਡੀਆਂ ਵਿੱਚ ਕਾਰੋਬਾਰ ਕਰਨ ਵਾਲੇ ਵਪਾਰੀ ਅਤੇ ਆਮ ਲੋਕ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਸ਼ਹਿਰ ਦੇ ਸੈਕਟਰਾਂ ਅਤੇ ਪਿੰਡਾਂ ਵਿੱਚ ਵੀ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਇੱਥੋਂ ਦੇ ਸੈਕਟਰ-29, 30, 28, ਪੀਜੀਆਈ ਚੌਕ, ਪਿੰਡ ਖੁੱਡਾ ਲਾਹੌਰਾ ਚੌਕ ਅਤੇ ਮਟਕਾ ਚੌਕ ਸਣੇ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦੀ ਹਾਲਤ ਖਸਤਾ ਹੋਈ ਪਈ ਹੈ। ਇਸ ਤੋਂ ਇਲਾਵਾ ਪਿੰਡ ਧਨਾਸ, ਕਜ਼ਹੇੜੀ, ਹੱਲੋਮਾਜਰਾ, ਰਾਮਦਰਬਾਰ ਸਣੇ ਹੋਰ ਕਈ ਇਲਾਕਿਆਂ ਦੀ ਸੜਕਾਂ ਦੀ ਹਾਲਤ ਵੀ ਮਾੜ ਹੈ, ਜਿੱਥੋਂ ਰੋਜ਼ਾਨਾਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਦੇ ਕੰਮ ਨੂੰ ਕੀਤਾ ਜਾ ਰਿਹਾ ਹੈ। ਇਸ ਲਈ ਸ਼ਹਿਰ ਵਿੱਚ ਕਈ ਥਾਵਾਂ ’ਤੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਦੋਂ ਕਿ ਕਈ ਸੜਕਾਂ ਨਗਰ ਨਿਗਮ ਅਧੀਨ ਆਉਂਦੀਆਂ ਹਨ, ਜਿਨ੍ਹਾਂ ਦੀ ਮੁਰੰਮਤ ਨਗਰ ਨਿਗਮ ਵੱਲੋਂ ਕੀਤੀ ਜਾਵੇਗੀ।