ਬਨੂੜ ਬੈਰੀਅਰ ਨੇੜੇ ਸ਼ੰਕਰ ਢਾਬੇ ਦੇ ਮਾਲਕ ’ਤੇ ਬੀਤੀ ਰਾਤ ਦੋ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਢਾਬਾ ਮਾਲਕ ਤੇ ਉਸ ਦੇ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ। ਢਾਬਾ ਮਾਲਕ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਕੋਲੋਂ ਕਈ ਦਿਨਾਂ ਤੋਂ ਮਹੀਨਾ ਮੰਗ ਰਹੇ ਸਨ। ਢਾਬਾ ਮਾਲਕ ਗੋਲਡੀ ਤੇ ਬਬਲੂ ਨੇ ਦੱਸਿਆ ਕਿ ਉਹ ਰਾਤ 11 ਵਜੇ ਦੇ ਕਰੀਬ ਢਾਬਾ ਬੰਦ ਕਰਕੇ ਜਾਣ ਲੱਗੇ ਸਨ। ਇਸ ਦੌਰਾਨ ਢਾਬੇ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਹੱਥ ਵਿੱਚ ਲੋਹੇ ਦੀ ਰਾਡ ਫੜੀ ਆਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ, ਜਵਾਬ ਦੇਣ ’ਤੇ ਉਨ੍ਹਾਂ ਹਮਲਾ ਕਰ ਦਿੱਤਾ। ਢਾਬੇ ਦੀ ਵੀ ਭੰਨ ਤੋੜ ਕੀਤੀ। ਲੋਕ ਇਕੱਠੇ ਹੋਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਢਾਬਾ ਮਾਲਕ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਥਾਣਾ ਬਨੂੜ ਦੇ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।