ਝੋਨੇ ਦੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਕਿਸਾਨ ਸਹੂਲਤਾਂ ਤੋਂ ਵਾਂਝੇ
ਪੰਜਾਬ ਸਰਕਾਰ ਵੱਲੋਂ ਭਾਵੇਂ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਪਰ ਮੋਰਿੰਡਾ ਦੀ ਅਨਾਜ ਮੰਡੀ ਵਿੱਚ ਹਾਲਾਤ ਕਾਫੀ ਨਾਜ਼ੁਕ ਹਨ। ਮੰਡੀ ਵਿੱਚ ਸਫਾਈ, ਸੜਕਾਂ ਅਤੇ ਪਖਾਨਿਆਂ ਆਦਿ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਇਸ ਨੇ ਜਿੱਥੇ...
ਪੰਜਾਬ ਸਰਕਾਰ ਵੱਲੋਂ ਭਾਵੇਂ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਪਰ ਮੋਰਿੰਡਾ ਦੀ ਅਨਾਜ ਮੰਡੀ ਵਿੱਚ ਹਾਲਾਤ ਕਾਫੀ ਨਾਜ਼ੁਕ ਹਨ। ਮੰਡੀ ਵਿੱਚ ਸਫਾਈ, ਸੜਕਾਂ ਅਤੇ ਪਖਾਨਿਆਂ ਆਦਿ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਇਸ ਨੇ ਜਿੱਥੇ ਮੰਡੀ ਅਧਿਕਾਰੀਆਂ ਵੱਲੋਂ ਪੁਖਤਾ ਖਰੀਦ ਪ੍ਰਬੰਧ ਕਰਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਉੱਥੇ ਹੀ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ ਨੇ ਦੱਸਿਆ ਕਿ ਮੰਡੀ ਵਿੱਚ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਅਜੇ ਤੱਕ ਢੰਗ ਦੀ ਕੋਈ ਵੀ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ। ਮੰਡੀ ਵਿੱਚ ਆੜ੍ਹਤੀਆਂ ਦੇ ਫੜ੍ਹਾ ਦੀ ਸਫਾਈ ਅਜੇ ਤੱਕ ਮੁਕੰਮਲ ਨਹੀਂ ਹੋਈ ਅਤੇ ਪਖਾਨਿਆਂ ਦੀ ਹਾਲਤ ਵੀ ਬੇਹੱਦ ਖਸਤਾ ਹੈ, ਮੰਡੀ ਦੇ ਦਾਖਲਾ ਗੇਟ ਤੋ ਮੰਡੀ ਤੱਕ ਜਾਂਦੀ ਸੜਕ ਵਿੱਚ ਵੱਡੇ-ਵੱਡੇ ਖੱਡੇ ਪਏ ਹੋਏ ਹਨ। ਇਨ੍ਹਾਂ ਖੱਡਿਆਂ ਕਾਰਨ ਟਰੈਕਟਰ-ਟਰਾਲੀਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁੱਦਿਆਂ ਸਬੰਧੀ ਕਈ ਵਾਰ ਮੰਡੀ ਕਮੇਟੀ ਅਤੇ ਐਸ.ਡੀ.ਐਮ. ਨੂੰ ਵੀ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇ ਇਸ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।
ਆਗੂਆਂ ਨੇ ਦੱਸਿਆ ਕਿ ਇਸੇ ਤਰ੍ਹਾਂ, ਪਿੰਡ ਰਸੂਲਪੁਰ, ਰੌਲੂ ਮਾਜਰਾ ਅਤੇ ਚੱਕਲਾਂ ਦੀਆਂ ਮੰਡੀਆਂ ਦੀ ਵੀ ਹਾਲਤ ਖਸਤਾ ਹੈ। ਇਸ ਮੌਕੇ ਸ੍ਰੀ ਚਲਾਕੀ ਨੇ ਕਿਹਾ ਕਿ ਪਿਛਲੇ ਸੀਜ਼ਨ ਦੌਰਾਨ ਲਿਫਟਿੰਗ ਨੂੰ ਲੈ ਕੇ ਅਤੇ ਕਿਸਾਨਾਂ ਦੀ ਫਸਲ ਦੇ ਕੱਟ ਲੱਗਣ ਨੂੰ ਲੈ ਕੇ ਜੋ ਵੀ ਦਿੱਕਤਾਂ ਆਈਆਂ ਸਨ, ਇਸ ਵਾਰ ਕਿਸਾਨ ਯੂਨੀਅਨ ਅਜਿਹਾ ਕੁਝ ਵੀ ਨਹੀਂ ਹੋਣ ਦਵੇਗੀ ।
ਸੀਜ਼ਨ ਦੇ ਚੱਲਦਿਆਂ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ: ਮਾਹਲ
ਮੰਡੀ ਸੁਪਰਵਾਈਜ਼ਰ ਜਸਵੰਤ ਸਿੰਘ ਮਾਹਲ ਨੇ ਦੱਸਿਆ ਕਿ ਅਨਾਜ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਠੇਕੇਦਾਰ ਵੱਲੋਂ ਛੱਡੀਆਂ ਕੁਝ ਕਮੀਆਂ ਕਰਕੇ ਦਿੱਕਤ ਆ ਰਹੀ ਹੈ । ਫੋਕਲ ਪੁਆਇੰਟ ਦੀ ਮੰਡੀ ਦੇ ਵਿੱਚ ਆਰਜ਼ੀ ਪਖਾਨੇ ਐੱਸ ਡੀ ਐੱਮ ਮੋਰਿੰਡਾ ਦੀ ਸਹਿਮਤੀ ਨਾਲ ਰਖਵਾ ਦਿੱਤੇ ਗਏ ਹਨ ਅਤੇ ਮੰਡੀ ਦੇ ਸੀਜ਼ਨ ਦੇ ਚੱਲਦਿਆਂ ਬਾਕੀ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ।