ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੱਲੋਂ ਪਾਰਟੀ ਦੀਆਂ ਮਹਿਲਾ ਵਾਲੰਟੀਅਰਾਂ ਨਾਲ ਇੱਕ ਮੀਟਿੰਗ ਦੌਰਾਨ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਬਦ ਇੱਕ ਵੱਡੇ ਪੱਧਰ ਦੇ ਨੇਤਾ ਨੂੰ ਬਿਲਕੁਲ ਵੀ ਸ਼ੋਭਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਇਹ ਸਾਫ਼ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਲਈ ਲੋਕਾਂ ਦੇ ਹਿੱਤ ਦੀ ਕੋਈ ਅਹਿਮੀਅਤ ਨਹੀਂ, ਇਸ ਦਾ ਮਕਸਦ ਸਿਰਫ਼ ਕੁਰਸੀ ਨਾਲ ਬਣੇ ਰਹਿਣਾ ਹੈ, ਚਾਹੇ ਲੋਕਾਂ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੇ ਆਗੂਆਂ ਨੂੰ ਤੁਰੰਤ ਪਾਰਟੀ ਤੋਂ ਕੱਢਣਾ ਚਾਹੀਦਾ ਹੈ। ਬੇਦੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲਾਂ ਹੀ ਹਰ ਮੋਰਚੇ ‘ਤੇ ਬੁਰੀ ਤਰ੍ਹਾਂ ਫੇਲ ਹੋਈ ਹੈ, ਤੇ ਹੁਣ ਇਹ ਬਿਆਨ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਕੋਲ ਲੋਕ-ਹਿਤ ਦੀ ਕੋਈ ਯੋਜਨਾ ਹੀ ਨਹੀਂ ਹੈ।