ਐਨਹਾਂਸਮੈਂਟ ਸੰਘਰਸ਼ ਕਮੇਟੀ ਵੱਲੋਂ ਪ੍ਰਦਰਸ਼ਨ
ਸੈਕਟਰ-76 ਤੋਂ 80 ਐਨਹਾਂਸਮੈਂਟ ਸੰਘਰਸ਼ ਕਮੇਟੀ ਵੱਲੋਂ ਅੱਜ ਇੱਥੋਂ ਦੇ ਫੇਜ਼ ਅੱਠ ਦੇ ਗਮਾਡਾ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਇਸ ਮੌਕੇ ਗਮਾਡਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਗਮਾਡਾ ਦੇ ਲਾਰਿਆਂ ਦੀਆਂ ਦੋ ਪੰਡਾਂ ਦਾ ਪੁਤਲਾ ਫੂਕਿਆ। ਧਰਨਾਕਾਰੀਆਂ ਨੇ ਸਿੱਖਿਆ ਬੋਰਡ ਚੌਕ ਵਿੱਚ ਅੰਸ਼ਕ ਤੌਰ ’ਤੇ ਆਵਜਾਈ ਵੀ ਰੋਕੀ।
ਐੱਮਸੀ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਗਮਾਡਾ ਵੱਲੋਂ 76 ਤੋਂ 80 ਦੇ ਪਲਾਟ ਧਾਰਕਾਂ ਉੱਤੇ ਬੇਲੋੜਾ ਐਨਹਾਂਸਮੈਂਟ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਐਨਹਾਂਸਮੈਂਟ ਵਿੱਚ ਛੋਟ ਦੇਣ ਦੇ ਲਾਰੇ ਲਗਾਏ ਜਾ ਰਹੇ ਹਨ ਪਰ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ।
ਇਸ ਮੌਕੇ ਗਮਾਡਾ ਦੇ ਭੌਂ-ਪ੍ਰਾਪਤੀ ਕੁਲੈਕਟਰ ਸੰਜੀਵ ਕੁਮਾਰ ਨੇ ਧਰਨਾਕਾਰੀਆਂ ਕੋਲੋਂ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਗ ਪੱਤਰ ਮੰਗ ਪੱਤਰ ਵਿਚ ਉਠਾਈਆਂ ਮੰਗਾਂ ਸਬੰਧੀ ਕੇਸ ਬਣਾ ਕੇ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਭੇਜਿਆ ਜਾਵੇਗਾ।
ਸੰਘਰਸ਼ ਕਮੇਟੀ ਦੇ ਆਗੂਆਂ ਹਰਦਿਆਲ ਚੰਦ ਬਡਬਰ, ਮੇਜਰ ਸਿੰਘ, ਜਰਨੈਲ ਸਿੰਘ, ਭਗਵੰਤ ਸਿੰਘ ਗਿੱਲ, ਅਵਤਾਰ ਸਿੰਘ, ਨਵਜੋਤ ਸਿੰਘ ਬਾਛਲ ਨੇ ਇਸ ਮੌਕੇ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਅਤੇ ਗਮਾਡਾ ਨੇ ਆਪਣੇ ਵਾਅਦੇ ਅਨੁਸਾਰ ਐਨਹਾਂਸਮੈਂਟ ਵਾਪਸ ਨਾ ਲਿਆ ਤਾਂ ਜਲਦੀ ਹੀ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।