‘Demolition’ of Rock Garden : ਨੇਕ ਚੰਦ ਦੀ ਪੋਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 12 ਮਾਰਚ
‘Demolition’ of Rock Garden ਚੰਡੀਗੜ੍ਹ ਵਿਚ ਰੌਕ ਗਾਰਡਨ ਦਾ ਨਿਰਮਾਣ ਕਰਨ ਵਾਲੇ ਨੇਕ ਚੰਦ ਦੀ ਪੋਤੀ ਪ੍ਰਿਯੰਕਾ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰੌਕ ਗਾਰਡਨ ਦੀ ਹੋਰ ਭੰਨ-ਤੋੜ ਨਾ ਕੀਤੇ ਜਾਣ ਦੀ ਮੰਗ ਕੀਤੀ ਹੈ। ਨੇਕ ਚੰਦ ਦੀ ਪੋਤੀ ਨੇ ਪੱਤਰ ਵਿਚ ਕਿਹਾ ਕਿ ਉਹ ਇਸ ਪ੍ਰਸਿੱਧ ਸਥਾਨ ਦੀ ਕੰਧ ਨੂੰ ‘ਢਾਹੁਣ’ ਤੋਂ ਬਹੁਤ ਦੁਖੀ ਹੈ। ਚੇਤੇ ਰਹੇ ਕਿ ਸਥਾਨਕ ਲੋਕਾਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਕੀਤੇ ਵਿਰੋਧ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਨੇ 8-9 ਮਾਰਚ ਦੀ ਵਿਚਕਾਰਲੀ ਰਾਤ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਲਈ ਪ੍ਰਸਿੱਧ ਰੌਕ ਗਾਰਡਨ ਦੀ ਕੰਧ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ ਸੀ।
ਸੜਕ ਚੌੜੀ ਕਰਨ ਦਾ ਕੰਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਲੇ ਦੁਆਲੇ ਪਾਰਕਿੰਗ ਖੇਤਰਾਂ ਵਿੱਚ ਭੀੜ-ਭੜੱਕਾ ਘਟਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ। ਉਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਕੰਧ ਅਸਲ ਵਿੱਚ ਨਾਲ ਲੱਗਦੀ ਜੰਗਲੀ ਜ਼ਮੀਨ ਨੂੰ ਘੇਰਨ ਲਈ ਬਣਾਈ ਗਈ ਸੀ, ਅਤੇ ਇਹ ਪਦਮ ਸ੍ਰੀ ਪੁਰਸਕਾਰ ਜੇਤੂ ਨੇਕ ਚੰਦ ਵੱਲੋਂ ਡਿਜ਼ਾਈਨ ਕੀਤੇ ਗਏ ਰੌਕ ਗਾਰਡਨ ਦਾ ਹਿੱਸਾ ਨਹੀਂ ਸੀ। ਪ੍ਰਸ਼ਾਸਨ ਨੇ ਕਿਹਾ ਕਿ ਜ਼ਮੀਨ ਦਾ ਇਹ ਟੁਕੜਾ ਰੌਕ ਗਾਰਡਨ ਦਾ ਹੀ ਅਨਿੱਖੜਵਾਂ ਅੰਗ ਨਹੀਂ ਸੀ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਪੇਸ਼ਕਦਮੀ ਦਾ ਕਈ ਸ਼ਹਿਰ ਵਾਸੀਆਂ, ਵਾਤਾਵਰਣ ਪ੍ਰੇਮੀਆਂ ਅਤੇ ਵਿਰਾਸਤ ਦੀ ਸੰਭਾਲ ਕਰਨ ਵਾਲਿਆਂ ਨੇ ਵਿਰੋਧ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਸੜਕ ਚੌੜੀ ਕਰਕੇ ਸ਼ਹਿਰ ਦੀ ਵਿਰਾਸਤ ‘ਨਸ਼ਟ’ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਨੇਕ ਚੰਦ ਦੀ ਪੋਤਰੀ ਪ੍ਰਿਯੰਕਾ ਸੈਣੀ ਨੇ ਕਿਹਾ ਕਿ ਚੰਡੀਗੜ੍ਹ ਨੂੰ ਦੁਨੀਆ ਦੇ ਨਕਸ਼ੇ ’ਤੇ ਲਿਆਉਣ ਵਾਲੀ ਰਚਨਾ ਨੂੰ ‘ਢਾਹਿਆ’ ਜਾ ਰਿਹਾ ਹੈ। ਸੈਣੀ ਨੇ ਕਿਹਾ, ‘‘ਨੇਕ ਚੰਦ ਜੀ ਵੱਲੋਂ ਬਣਾਏ ਗਏ ਰੌਕ ਗਾਰਡਨ ਦੀ ਕੰਧ ਦਾ ਇੱਕ ਹਿੱਸਾ ਪਹਿਲਾਂ ਹੀ ਚੁੱਪ-ਚਾਪ ਢਾਹ ਦਿੱਤਾ ਗਿਆ ਹੈ, ਇਤਿਹਾਸ ਨੂੰ ਮਿਟਾ ਦਿੱਤਾ ਗਿਆ ਹੈ, ਜਿਸ ਨੂੰ ਮੁੜ ਦੁਬਾਰਾ ਨਹੀਂ ਬਣਾਇਆ ਜਾ ਸਕਦਾ।’’ ਸੈਣੀ ਨੇ ਦਾਅਵਾ ਕੀਤਾ ਕਿ ਨੇਕ ਚੰਦ ਦੇ ਕੰਮ ਨੂੰ ਸੁਰੱਖਿਅਤ ਰੱਖਣ ਲਈ ਸਟੋਰ ਕੀਤੀਆਂ ਜ਼ਰੂਰੀ ਵਸਤਾਂ ਨੂੰ ਰਹਿੰਦ-ਖੂੰਹਦ ਦੇ ਰੂਪ ਵਿੱਚ ਸੁੱਟ ਦਿੱਤਾ ਗਿਆ ਹੈ, ਜਿਸ ਨਾਲ ਇਸ ਦੀ ਬਹਾਲੀ ਪ੍ਰਕਿਰਿਆ ਦੀ ਨੀਂਹ ਤਬਾਹ ਹੋ ਗਈ ਹੈ।
ਉਸ ਨੇ ਦੋਸ਼ ਲਗਾਇਆ ਕਿ ਦਹਾਕਿਆਂ ਪੁਰਾਣੇ ਰੁੱਖ, ਜੋ ਰੌਕ ਗਾਰਡਨ ਦੀ ਵਾਤਾਵਰਣ ਪ੍ਰਣਾਲੀ ਦਾ ਹਿੱਸਾ ਹਨ, ਨੂੰ ਵਿਸਥਾਰ ਦੇ ਨਾਮ ’ਤੇ ਕੱਟਿਆ ਜਾ ਰਿਹਾ ਹੈ।
ਸੈਣੀ ਨੇ ਦੱਸਿਆ ਕਿ ਰੌਕ ਗਾਰਡਨ ਸੁਸਾਇਟੀ ਦਾ ਪ੍ਰਬੰਧਨ ਇਸ ਸਮੇਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੈਂਬਰਾਂ ਵੱਲੋਂ ਕੀਤਾ ਜਾਂਦਾ ਹੈ, ਜਿਸ ਵਿੱਚ ਨੇਕ ਚੰਦ ਦਾ ਕੋਈ ਪਰਿਵਾਰਕ ਮੈਂਬਰ ਜਾਂ ਹੋਰ ਕੋਈ ਪ੍ਰਤੀਨਿਧੀ ਨਹੀਂ ਹੈ, ਜੋ ਇਸ ਦੀ ਸੰਭਾਲ ਨੂੰ ਸੱਚਮੁੱਚ ਸਮਝਦੇ ਹਨ ਅਤੇ ਇਸ ਦੀ ਪਰਵਾਹ ਕਰਦੇ ਹਨ। ਸੈਣੀ ਨੇ ਕਿਹਾ, ‘‘ਨੇਕ ਚੰਦ ਜੀ ਨੇ ਆਪਣੀ ਜ਼ਿੰਦਗੀ ਦੇ 57 ਸਾਲ ਅੱਜ ਦੇ ਇਸ ਕਲਾਤਮਕ ਚਮਤਕਾਰ ਨੂੰ ਬਣਾਉਣ ਵਿੱਚ ਸਮਰਪਿਤ ਕੀਤੇ। ਰੌਕ ਗਾਰਡਨ ਸਾਲਾਨਾ 1.5 ਮਿਲੀਅਨ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਜਿਸ ਨਾਲ ਪ੍ਰਤੀ ਸਾਲ 2-3 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।’’
ਸੈਣੀ ਨੇ ਪੱਤਰ ਵਿਚ ਲਿਖਿਆ, ‘‘ਪ੍ਰਧਾਨ ਮੰਤਰੀ ਮੋਦੀ ਜੀ, ਜਦੋਂ ਤੁਸੀਂ 2016 ਵਿੱਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ Francois Hollande ਨੂੰ ਚੰਡੀਗੜ੍ਹ ਸੱਦਾ ਦਿੱਤਾ ਸੀ, ਤਾਂ ਤੁਸੀਂ ਉਨ੍ਹਾਂ ਨੂੰ ਭਾਰਤ ਦੀ ਸੁੰਦਰਤਾ ਅਤੇ ਸਿਰਜਣਾਤਮਕਤਾ ਨੂੰ ਪ੍ਰਦਰਸ਼ਿਤ ਕਰਨ ਲਈ ਰੌਕ ਗਾਰਡਨ ਲੈ ਕੇ ਆਏ ਸੀ। ਤੁਸੀਂ ਇਸ ਦੇ ਆਰਕਵੇਅ ਵਿੱਚੋਂ ਲੰਘਦੇ ਹੋਏ, ਇਸ ਦੀ ਕੀਮਤ ਤੇ ਮਹੱਤਤਾ ਨੂੰ ਜਾਣਦੇ ਹੋ। ਉਸ ਦਿਨ ਜਿਸ ਗੇਟ ਵਿੱਚੋਂ ਤੁਸੀਂ ਦਾਖਲ ਹੋਏ ਸੀ ਉਹ ਹੁਣ ਖਤਮ ਹੋ ਗਿਆ ਹੈ... ਇਸ ਨੂੰ ਪਾਰਕਿੰਗ ਲਈ ਰਸਤਾ ਬਣਾਉਣ ਵਾਸਤੇ ਢਾਹ ਦਿੱਤਾ ਗਿਆ ਹੈ। ਉਹੀ ਰੌਕ ਗਾਰਡਨ, ਜੋ ਭਾਰਤ ਦੀ ਨਵੀਨਤਾ ਅਤੇ ਕਲਾਤਮਕ ਭਾਵਨਾ ਦੇ ਪ੍ਰਤੀਕ ਵਜੋਂ ਖੜ੍ਹਾ ਸੀ, ਨੂੰ ਹੁਣ ਚੁੱਪ-ਚਾਪ ਟੁਕੜੇ-ਟੁਕੜੇ ਕਰਕੇ ਢਾਹਿਆ ਜਾ ਰਿਹਾ ਹੈ।’’
ਸੈਣੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ‘‘ਰੌਕ ਗਾਰਡਨ ਦੀਆਂ ਮੂਰਤੀਆਂ, ਵਿਹੜਿਆਂ ਅਤੇ ਢਾਂਚਿਆਂ ਨੂੰ ਹੋਰ ਨੁਕਸਾਨ ਨਾ ਪਹੁੰਚਾਇਆ ਜਾਵੇ।’ ਸੈਣੀ ਨੇ ਨੇਕ ਚੰਦ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਲਈ ਰੌਕ ਗਾਰਡਨ ਸੁਸਾਇਟੀ ਦੇ ਪੁਨਰਗਠਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ, ਜੋ ‘ਇਸ ਦੇ ਇਤਿਹਾਸ ਅਤੇ ਮਹੱਤਵ ਨੂੰ ਡੂੰਘਾਈ ਨਾਲ ਸਮਝਦੇ ਹਨ।’’ ਉਸ ਨੇ ਰੌਕ ਗਾਰਡਨ ਅੰਦਰ ‘ਰੁੱਖਾਂ ਦੀ ਕਟਾਈ’ ਉੱਤੇ ਫੌਰੀ ਰੋਕ ਲਾਉਣ ਦੀ ਵੀ ਮੰਗ ਕੀਤੀ।
ਸੈਣੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੀ, ਜੇ ਅਸੀਂ ਹੁਣ ਕਾਰਵਾਈ ਨਾ ਕੀਤੀ, ਤਾਂ ਅਸੀਂ ਭਾਰਤ ਦੇ ਇਤਿਹਾਸ, ਕਲਾ ਅਤੇ ਵਾਤਾਵਰਣ ਦੀ ਸੂਝ-ਬੂਝ ਦਾ ਇੱਕ ਅਟੱਲ ਹਿੱਸਾ ਗੁਆਉਣ ਦਾ ਖ਼ਤਰਾ ਮਹਿਸੂਸ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਜੇ ਨੇਕ ਚੰਦ ਜੀ ਅੱਜ ਜ਼ਿੰਦਾ ਹੁੰਦੇ, ਤਾਂ ਉਹ ਆਪਣੀ ਜ਼ਿੰਦਗੀ ਦੇ ਕੰਮ ਲਈ ਲੜਦੇ ਅਤੇ ਅਸੀਂ ਵੀ ਲੜਦੇ।’’ ਚੇਤੇ ਰਹੇ ਕਿ ਨੇਕ ਚੰਦ ਨੇ ਰੌਕ ਗਾਰਡਨ ਨੂੰ ਸਿਰਫ਼ ਘਰਾਂ ਅਤੇ ਸਨਅਤੀ ਵਸਤਾਂ ਦੀ ਰਹਿੰਦ-ਖੂੰਹਦ ਤੋਂ ਬਣਾਇਆ ਸੀ। ਚੂੜੀਆਂ, ਸਿਰੈਮਿਕ ਬਰਤਨ, ਟਾਈਲਾਂ, ਬੋਤਲਾਂ ਅਤੇ ਬਿਜਲੀ ਦੇ ਰਹਿੰਦ-ਖੂੰਹਦ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਕੇ ਮੂਰਤੀਆਂ ਬਣਾਈਆਂ ਸਨ। ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ‘ਸੇਵਿੰਗ ਚੰਡੀਗੜ੍ਹ’ ਨਾਂ ਦੇ ਸਮੂਹ, ਜਿਸ ਨੇ ਇਸ ਨੂੰ ਢਾਹੁਣ ਦੀ ਪ੍ਰਕਿਰਿਆ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ, ਨੇ ਢਾਹੀ ਗਈ ਕੰਧ ਨੂੰ ਇਸ ਦੇ ਅਸਲ ਰੂਪ ਵਿੱਚ ਬਹਾਲ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ