ਸ਼ਹੀਦ ਊਧਮ ਸਿੰਘ ਦੀਆਂ ਨਿਸ਼ਾਨੀਆਂ ਇੰਗਲੈਂਡ ਤੋਂ ਲਿਆਉਣ ਦੀ ਮੰਗ
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਇੱਥੇ ਸ਼ਹੀਦ ਊਧਮ ਮੈਮੋਰੀਅਲ ਭਵਨ ਸੁਸਾਇਟੀ ਸੈਕਟਰ 44-ਸੀ ਚੰਡੀਗੜ੍ਹ ਵੱਲੋਂ ਮਨਾਇਆ ਗਿਆ। ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀ ਅਤੇ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਸ਼ਹੀਦ ਦੀਆਂ ਨਿਸ਼ਾਨੀਆਂ ਇੰਗਲੈਂਡ ਤੋਂ ਮੰਗਵਾ ਕੇ ਸ਼ਹੀਦ ਦੇ ਮਿਊਜ਼ੀਅਮ ਵਿੱਚ ਰੱਖੀਆਂ ਜਾਣ। ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਨਾਂ ’ਤੇ ਭਵਾਨੀਗੜ੍ਹ ਤੋਂ ਕੋਟਸ਼ਮੀਰ ਤੱਕ ਸੜਕ ਦਾ ਨਾਂ ਰੱਖਣ ਲਈ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਭਵਾਨੀਗੜ੍ਹ ਤੋਂ ਜ਼ੀਰਕਪੁਰ ਤਕ ਸੜਕ ਦਾ ਨਾਂ ਵੀ ਸ਼ਹੀਦ ’ਤੇ ਰੱਖਿਆ ਜਾਵੇ। ਆਗੂਆਂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਸਮਾਜ ਸਿਰਜਣ ਲਈ ਯਤਨ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉੱਘੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ, ਇੰਟਰਨੈਸ਼ਨਲ ਸਰਬ ਕੰਬੋਜ ਸਮਾਜ ਦੇ ਕੌਮੀ ਪ੍ਰਧਾਨ ਇਕਬਾਲ ਚੰਦ ਉਰਫ਼ ਪਾਲਾ ਬੱਟੀ, ਪੰਜਾਬ ਦੇ ਸਾਬਕਾ ਡੀਜੀਪੀ ਚੰਦਰ ਸ਼ੇਖਰ, ਲੇਖਕ ਬਹਾਦਰ ਸਿੰਘ, ਕਿੰਗ ਸਾਇਰਸ ਕੰਬੋਜ਼ ਇੰਟਰਨੈਸ਼ਨਲ ਦੇ ਪ੍ਰਧਾਨ ਇਕਬਾਲ ਸਿੰਘ, ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ, ਹਰਿਆਣਾ ਕੰਬੋਜ਼ ਸਮਾਜ ਸਭਾ ਦੇ ਚੇਅਰਮੈਨ ਹਰਪਾਲ ਸਿੰਘ, ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਜੰਮੂ, ਪਰਮਿੰਦਰ ਪਾਲ ਸਿੰਘ (ਰਿਟਾਇਰਡ ਜੱਜ) ਡਾ. ਰਵਿੰਦਰ ਰਵੀ, ਸਲਿੰਦਰ ਕੌਰ ਚੰਦੀ ਅਤੇ ਸੁਖਬੀਰ ਕੌਰ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਵੀਨਾ ਜੰਮੂ ਨੇ ਕੀਤਾ। ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਗਿਆਨੀ ਗਰਚਾ ਸਿੰਘ ਨੇ ਸ਼ਹੀਦ ਦੀਆਂ ਵਾਰਾਂ ਗਾ ਕੇ ਖੂਬ ਰੰਗ ਬੰਨਿਆ। ਗਾਇਕ ਰੋਮੀ ਘੜਾਮੇਵਾਲਾ, ਬਲਦੇਵ ਸਿੰਘ ਨੰਬਰਦਾਰ, ਕੁਲਵੰਤ ਸਿੰਘ ਅਮਲਾਲਾ ਨੇ ਇਨਕਲਾਬੀ ਗੀਤ ਤੇ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ।