ਪੀਯੂ ’ਚ ਉੱਠੀ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ
ਆਲ ਲੱਦਾਖ ਸਟੂਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਪ੍ਰਦਰਸ਼ਨ
ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਅੱਜ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਵੀ ਉੱਠੀ। ਸਟੂਡੈਂਟਸ ਸੈਂਟਰ ਵਿੱਚ ‘ਆਲ ਲੱਦਾਖ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ’ ਦੇ ਸੱਦੇ ’ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਐਸੋਸੀਏਸ਼ਨ ਦੇ ਆਗੂ ਇਦਰੀਸ਼ ਦੀ ਅਗਵਾਈ ਹੇਠ ਕੀਤੇ ਪ੍ਰਦਰਸ਼ਨ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕਰਦਿਆਂ ਲੇਹ ਲੱਦਾਖ ਵਿੱਚ ਚਾਰ ਨਾਗਰਿਕਾਂ ਦੀ ਹੱਤਿਆ ਦੀ ਨਿਖੇਧੀ ਕੀਤੀ ਅਤੇ ਉਸ ਖੇਤਰ ਦੇ ਲੋਕਾਂ ਲਈ ਇਨਸਾਫ਼ ਦੀ ਮੰਗ ਕੀਤੀ। ਜਥੇਬੰਦੀਆਂ ਨੇ ਛੇਵੀਂ ਅਨੁਸੂਚੀ ਦੇ ਤਹਿਤ ਸੰਵਿਧਾਨਕ ਸੁਰੱਖਿਆ ਅਤੇ ਪੂਰਨ ਰਾਜ ਦੇ ਦਰਜੇ ਰਾਹੀਂ ਲੋਕਤੰਤਰ ਦੀ ਬਹਾਲੀ ਲਈ ਲਦਾਖ ਦੇ ਲੰਬੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟਾਈ।
ਬੁਲਾਰਿਆਂ ਨੇ ਕਿਹਾ ਕਿ ਲੱਦਾਖ ਵਿੱਚ ਲਗਪਗ ਛੇ ਸਾਲਾਂ ਤੋਂ ਲੋਕ ਇਸ ਮੰਗ ਨੂੰ ਦੁਹਰਾਉਂਦੇ ਆ ਰਹੇ ਹਨ ਕਿ ਲੱਦਾਖ ਨੂੰ ਭਾਰਤੀ ਸੰਵਿਧਾਨ ਦੀ 6ਵੀਂ ਅਨੁਸੂਚੀ ਵਿੱਚ ਦਰਜ ਕੀਤਾ ਜਾਵੇ ਪਰ ਕੇਂਦਰ ਸਰਕਾਰ ਮੰਗ ਨੂੰ ਪੂਰਾ ਕਰਨ ਦੀ ਬਜਾਇ ਸੋਨਮ ਵਾਂਗਚੁਕ ਵਰਗੇ ਸਮਾਜਿਕ ਕਾਰਕੁਨਾਂ ਨੂੰ ਕਾਬੂ ਕਰਨ ਵਿੱਚ ਲੱਗੀ ਹੋਈ ਹੈ ਜਦਕਿ ਵਾਂਗਚੁਕ ਕਈ ਮਹੀਨਿਆਂ ਤੋਂ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਹੀ ਕਰ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਦਿਨੀਂ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਚਲਾਈ ਗਈ ਗੋਲ਼ੀ ਨਾਲ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਜੋ ਨਿੰਦਣਯੋਗ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਲੱਦਾਖ ਦੇ ਲੋਕਾਂ ਦੀਆਂ ਮੰਗਾਂ ਜਾਇਜ਼, ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਹਨ ਜਿਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ।